ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 20 ਨਵੰਬਰ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪਿੰਡ ਪੰਨਵਾਂ ਦੇ ਕਿਸਾਨ ਨਾਲ ਕਥਿਤ ਧੱਕੇਸ਼ਾਹੀ ਕਰਨ ਵਾਲੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਅੱਜ ਬਠਿੰਡਾ-ਚੰਡੀਗੜ੍ਹ ਹਾਈਵੇਅ ’ਤੇ ਟੌਲ ਪਲਾਜ਼ਾ ਕਾਲਾਝਾੜ ’ਤੇ ਜਾਮ ਲਗਾਇਆ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ, ਜ਼ਿਲ੍ਹਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ, ਬਲਾਕ ਆਗੂ ਹਰਜੀਤ ਸਿੰਘ ਮਹਿਲਾਂ, ਜਸਵੀਰ ਸਿੰਘ ਗੱਗੜਪੁਰ ਤੇ ਕਰਮ ਚੰਦ ਪੰਨਵਾਂ ਨੇ ਦੱਸਿਆ ਕਿ ਪਿੰਡ ਪੰਨਵਾਂ ਦੇ ਕਿਸਾਨ ਧੰਨਾ ਰਾਮ ਦੇ ਪਲਾਟ ’ਤੇ ਪਿੰਡ ਦੇ ਹੀ ਹਮੀਰਦਾਸ, ਰਘਵੀਰ ਦਾਸ ਤੇ ਪਵਨ ਕੁਮਾਰ ਕਥਿਤ ਸੱਤਾਧਾਰੀ ਧਿਰ ਦੀ ਸ਼ਹਿ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਇਸੇ ਦੌਰਾਨ ਇਨ੍ਹਾਂ ਵਿਅਕਤੀਆਂ ਨੇ ਪੀੜਤ ਵਿਅਕਤੀ ਦੇ ਤੂੜੀ ਦੇ ਕੁੱਪ, ਸਾਈਕਲ ਰੇਹੜੀ, ਲੱਕੜਾਂ ਤੇ ਪਾਥੀਆਂ ਦੇ ਦੋ ਗੁਹਾਰਿਆਂ ਨੂੰ ਵੀ ਅੱਗ ਲਾ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਥਾਣਾ ਭਵਾਨੀਗੜ੍ਹ ਵਿੱਚ ਰਿਪੋਰਟ ਲਿਖਵਾਈ ਗਈ ਹੈ। ਪੁਲੀਸ ਨੇ ਪਰਚਾ ਤਾਂ ਦਰਜ ਕਰ ਲਿਆ, ਪਰ ਕੁਲਜ਼ਮਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪੁਲੀਸ ਨੇ ਸਬੰਧਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਨਾ ਕਰਨ ਦੇ ਰੋਸ ਵਜੋਂ ਅੱਜ ਮੁੱਖ ਮਾਰਗ ’ਤੇ ਜਾਮ ਲਾਇਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਸਿਆਸੀ ਦਬਾਅ ਕਾਰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ।
ਇਸੇ ਦੌਰਾਨ ਪਿੰਡ ਪੰਨਵਾਂ ਦੀ ਦੂਜੀ ਧਿਰ ਦੇ ਹਮੀਰ ਦਾਸ, ਰਘਵੀਰ ਦਾਸ, ਪਵਨ ਕੁਮਾਰ ਤੇ ਗੁਰਚਰਨ ਸਿੰਘ ਨੇ ਇੱਥੇ ਗੁਰਦੁਆਰਾ ਪਾਤਸ਼ਾਹੀ ਨੌਵੀਂ ’ਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਧੰਨਾ ਰਾਮ ਨਾਲ ਉਨ੍ਹਾਂ ਦਾ ਭਰਾਵਾਂ ਦੀ ਜ਼ਮੀਨ ਦਾ ਮਾਮਲਾ ਹੈ, ਜੋ ਵੰਡ ਅਨੁਸਾਰ ਧੰਨਾ ਰਾਮ ਨੂੰ ਹਿੱਸੇ ਅਨੁਸਾਰ ਦਿੱਤੀ ਗਈ ਹੈ। ਇਸ ਸਬੰਧੀ ਧੰਨਾ ਰਾਮ ਵੱਲੋਂ ਅਦਾਲਤ ’ਚ ਪਾਇਆ ਕੇਸ ਵੀ ਉਹ ਹਾਰ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਤੂੜੀ ਦੇ ਕੁੱਪ ਤੇ ਗੁਹਾਰਿਆਂ ਨੂੰ ਅੱਗ ਲਾਉਣ ਦਾ ਦੋਸ਼ ਵੀ ਬੇਬੁਨਿਆਦ ਹੈ। ਉਨ੍ਹਾਂ ਗੁਰੂ ਘਰ ਵੱਲ ਹੱਥ ਕਰਕੇ ਕਿਹਾ ਕਿ ਉਹ ਸੱਚ ਬੋਲ ਰਹੇ ਹਨ। ਉਨ੍ਹਾਂ ਯੂਨੀਅਨ ਆਗੂਆਂ ਨੂੰ ਕਿਸਾਨ ਭਰਾਵਾਂ ’ਚ ਲੜਾਈ ਵਧਾਉਣ ਦੀ ਥਾਂ ਘਟਾਉਣ ਦੀ ਅਪੀਲ ਕੀਤੀ। ਡੀਐੱਸਪੀ ਭਵਾਨੀਗੜ੍ਹ ਸੁਖਰਾਜ ਸਿੰਘ ਘੁੰਮਣ ਨੇ ਦੱਸਿਆ ਕਿ ਪਿੰਡ ਪੰਨਵਾਂ ਦੇ ਜ਼ਮੀਨ ਦੇ ਝਗੜੇ ਸਬੰਧੀ ਪੁਲੀਸ ਵੱਲੋਂ ਯੂਨੀਅਨ ਆਗੂਆਂ ਦੇ ਕਹਿਣ ਅਨੁਸਾਰ ਕਾਰਵਾਈ ਕੀਤੀ ਗਈ ਹੈ।