ਪੱਤਰ ਪ੍ਰੇਰਕ
ਭਵਾਨੀਗੜ, 4 ਅਪਰੈਲ
ਇੱਥੇ ਬਲਾਕ ਸੰਮਤੀ ਭਵਾਨੀਗੜ੍ਹ ਦੀ ਸਾਲਾਨਾ ਬਜਟ ਮੀਟਿੰਗ ਵਰਿੰਦਰ ਕੁਮਾਰ ਪੰਨਵਾਂ ਅਤੇ ਬੀਡੀਪੀਓ ਮਨਜੀਤ ਸਿੰਘ ਢੀਂਡਸਾ ਦੀ ਨਿਗਰਾਨੀ ਹੇਠ ਹੋਈ। ਮੀਟਿੰਗ ਵਿੱਚ ਹਰੀ ਸਿੰਘ ਫੱਗੂਵਾਲਾ, ਹਰਿੰਦਰ ਕੌਰ ਮਾਝੀ, ਬਿਕਰਮਜੀਤ ਸਿੰਘ, ਦੀਪਕ ਰਾਣੀ ਬਲਿਆਲ, ਇੰਦਰਜੀਤ ਸਿੰਘ ਭੜੋ, ਮਦਨ ਸਿੰਘ ਮਹਿਸਮਪੁਰ, ਰਾਧੇਸ਼ਿਆਮ ਨਦਾਮਪੁਰ ਅਤੇ ਰਾਜਿੰਦਰ ਸਿੰਘ ਆਲੋਅਰਖ ਸਮਿਤੀ ਮੈਂਬਰ ਹਾਜ਼ਰ ਹੋਏ। ਕਾਫੀ ਮੈਂਬਰ ਗੈਰ ਹਾਜ਼ਰ ਸਨ। ਮੀਟਿੰਗ ਵਿੱਚ ਸਾਲਾਨਾ ਬਜਟ ਪੇਸ਼ ਕਰਦਿਆਂ ਦੱਸਿਆ ਗਿਆ ਕਿ 1 ਅਪਰੈਲ ਤੱਕ ਸਮਿਤੀ ਕੋਲ 1.15 ਕਰੋੜ ਰੁਪਏ ਬਕਾਇਆ ਰਾਸ਼ੀ ਪਈ ਹੈ ਅਤੇ 2022-23 ਵਿੱਚ ਅਨੁਮਾਨਤ ਆਮਦਨ 3 ਕਰੋੜ 27 ਲੱਖ 4500 ਰੁਪਏ ਹੋਵੇਗੀ। ਇਸ ਤਰ੍ਹਾਂ ਕੁਲ ਆਮਦਨ 4 ਕਰੋੜ 42 ਲੱਖ 4500 ਰੁਪਏ ਹੋਵੇਗੀ। ਇਸ ਤੋਂ ਬਾਅਦ ਸ਼ੁਰੂ ਹੋਏ ਵਿੱਤੀ ਸਾਲ ਦੌਰਾਨ ਅਨੁਮਾਨਤ ਖਰਚ 3 ਕਰੋੜ 66 ਲੱਖ 72 ਹਜ਼ਾਰ 500 ਰੁਪਏ ਹੋਣ ਸਬੰਧੀ ਬਜਟ ਵਿੱਚ ਜਾਣਕਾਰੀ ਦਿੱਤੀ ਗਈ। ਬਜਟ ਵਿਚ 75 ਲੱਖ 32 ਹਜ਼ਾਰ ਰੁਪਏ ਦੀ ਬੱਚਤ ਹੋਣ ਦੀ ਅਗਾਊਂ ਸੂਚਨਾ ਦਿੱਤੀ ਗਈ।