ਪੱਤਰ ਪ੍ਰੇਰਕ
ਲਹਿਰਾਗਾਗਾ, 22 ਸਤੰਬਰ
ਬਲਾਕ ਲਹਿਰਾਗਾਗਾ ਦਾ ਦੋ ਰੋਜ਼ਾ ਪ੍ਰਾਇਮਰੀ ਖੇਡ ਮੇਲਾ ਪਿੰਡ ਭਾਈ ਕੀ ਪਿਸ਼ੌਰ ਵਿੱਚ ਕਰਵਾਇਆ ਗਿਆ। ਬਲਾਕ ਖੇਡ ਨੋਡਲ ਅਫਸਰ ਰਮਾ ਰਾਣੀ ਅਤੇ ਸੈਂਟਰ ਹੈੱਡ ਟੀਚਰ ਅਮਿਤ ਕੁਮਾਰ ਨੇ ਦੱਸਿਆ ਕਿ ਇਸ ਖੇਡ ਮੇਲੇ ਵਿੱਚ ਬਲਾਕ ਦੇ ਸੱਤ ਸੈਂਟਰਾਂ ਦੀਆਂ ਮੁੰਡਿਆਂ ਅਤੇ ਕੁੜੀਆਂ ਦੀਆਂ ਟੀਮਾਂ ਨੇ ਹਿੱਸਾ ਲਿਆ। ਲਗਪਗ 54 ਪਿੰਡਾਂ ਦੇ ਪ੍ਰਾਇਮਰੀ ਸਕੂਲਾਂ ਵਿਚੋਂ ਆਏ ਵਿਦਿਆਰਥੀਆਂ ਵੱਲੋਂ ਕਬੱਡੀ ਸਰਕਲ, ਕਬੱਡੀ ਨੈਸ਼ਨਲ ਸਟਾਈਲ , ਰੱਸਾਕਸ਼ੀ, ਫੁਟਬਾਲ, ਬੈਡਮਿੰਟਨ, ਖੋ-ਖੋ, ਜਿਮਨਾਸਟਿਕ, ਸ਼ਤਰੰਜ, ਯੋਗ, ਕੁਸ਼ਤੀਆਂ, ਕਰਾਟੇ ਅਤੇ ਅਥਲੈਟਿਕਸ ਦੇ ਵੱਖ-ਵੱਖ ਈਵੈਂਟ ਕਰਵਾਏ ਗਏ। ਖੇਡਾਂ ਵਿੱਚ ਓਵਰਆਲ ਟਰਾਫ਼ੀ ਸੈਂਟਰ ਲਹਿਰਾ ਕੁੜੀਆਂ ਵੱਲੋਂ ਜਿੱਤੀ ਗਈ। ਖੇਡ ਮੇਲੇ ਦੀ ਸ਼ੁਰੂਆਤ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਵਿਨੋਦ ਕੁਮਾਰ ਹਾਂਡਾ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਰਜਿੰਦਰ ਕੁਮਾਰ ਵੱਲੋਂ ਝੰਡਾ ਲਹਿਰਾ ਕੇ ਕੀਤੀ ਗਈ। ਇਸ ਮੌਕੇ ਸਾਰੇ ਸੈਂਟਰਾਂ ਦੇ ਖਿਡਾਰੀਆਂ ਵੱਲੋਂ ਆਪਣੇ ਆਪਣੇ ਸੈਂਟਰ ਦਾ ਝੰਡਾ ਤੇ ਤਖ਼ਤੀ ਲੈ ਕੇ ਮਾਰਚ ਪਾਸਟ ਕੀਤਾ ਗਿਆ। ਖੇਡ ਮੇਲੇ ਦੇ ਪਹਿਲੇ ਦਿਨ ਮੁੱਖ ਮਹਿਮਾਨ ਵਜੋਂ ਪਹੁੰਚੇ ਡੀਐੱਸਪੀ ਲਹਿਰਾਗਾਗਾ ਪੁਸ਼ਪਿੰਦਰ ਸਿੰਘ, ਐਡਵੋਕੇਟ ਤਰਲੋਕ ਸਿੰਘ ਭੰਗੂ, ਬਲਾਕ ਸਮਿਤੀ ਮੈਂਬਰ ਜਸਪਾਲ ਜੋਸ਼ੀ, ਪ੍ਰੀਤ ਮਹਿੰਦਰ ਸਿੰਘ ਸਰਪੰਚ ਪੁਸ਼ਪਿੰਦਰ ਜੋਸ਼ੀ, ਵੀਰਪਾਲ ਸਿੰਘ ਅਤੇ ਸਕੂਲ ਮਨੇਜਮੈਂਟ ਚੇਅਰਮੈਨ ਕੁਲਦੀਪ ਜੋਸ਼ੀ ਵੱਲੋਂ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ। ਅੰਤ ਵਿੱਚ ਇਨਾਮ ਵੰਡ ਸਮਾਰੋਹ ਦੌਰਾਨ ਵਿਧਾਇਕ ਬਰਿੰਦਰ ਗੋਇਲ ਦੇ ਨੁਮਾਇੰਦੇ ਦੇ ਤੌਰ ’ਤੇ ਕੌਂਸਲਰ ਕਾਂਤਾ ਗੋਇਲ ਪਹੁੰਚੇ ਅਤੇ ਜੇਤੂ ਬੱਚਿਆਂ ਨੂੰ ਮੈਡਲ ਤੇ ਟਰਾਫ਼ੀਆਂ ਦੇ ਕੇ ਹੌਸਲਾ ਅਫਜ਼ਾਈ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਲਖਮੀਰ ਸਿੰਘ ਬੀ.ਐੱਮ.ਟੀ ਲਹਿਰਾਗਾਗਾ ਅਤੇ ਸਰਬਜੀਤ ਸਿੰਘ ਕਿਸ਼ਨਗੜ੍ਹ ਵੱਲੋਂ ਨਿਭਾਈ ਗਈ।