ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 1 ਅਪਰੈਲ
ਪੰਜਾਬ ਸਰਕਾਰ ਦੀਆਂ ਲੋਕ ਮਾਰੂ ਅਤੇ ਗਲਤ ਨੀਤੀਆਂ ਖ਼ਿਲਾਫ ਬਲਾਕ ਦਿੜ੍ਹਬਾ ਦੀਆਂ ਪੰਚਾਇਤਾਂ ਵੱਲੋਂ ਅੱਜ ਬੀਡੀਪੀਓ ਦਫ਼ਤਰ ਵਿਖੇ ਰੋਸ ਧਰਨਾ ਦਿੱਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਸਰਪੰਚ ਤੇ ਮੈਂਬਰਾਂ ਨੋ ਸ਼ਮੂਲੀਅਤ ਕੀਤੀ। ਪੰਚਾਇਤ ਯੂਨੀਅਨ ਬਲਾਕ ਦਿੜ੍ਹਬਾ ਦੇ ਪ੍ਰਧਾਨ ਬਲਵੀਰ ਸਿੰਘ ਖਾਨਪੁਰ, ਹਰਵਿੰਦਰ ਸਿੰਘ ਦਿਆਲਗੜ੍ਹ ਅਤੇ ਜਗਤਾਰ ਸਿੰਘ ਖੇਤਲਾ ਨੇ ਬੀਡੀਪੀਓ ਦਿੜ੍ਹਬਾ ਨੂੰ ਮੰਗ ਪੱਤਰ ਦੇਣ ਉਪਰੰਤ ਦੱਸਿਆ ਕਿ ਅਚਾਨਕ ਸਾਈਟ ਬੰਦ ਹੋਣ ਕਾਰਨ ਪੰਚਾਇਤਾਂ ਨੂੰ ਪੇਮੈਂਟਾ ਨਹੀਂ ਹੋ ਰਹੀਆਂ, ਜਿਸ ਕਰਕੇ ਪੰਚਾਇਤਾਂ ਨੂੰ ਕਾਫੀ ਮੁਸ਼ਕਲ ਆ ਰਹੀ ਹੈ। ਉਨ੍ਹਾਂ ਬੀਡੀਪੀਓ ਨੂੰ ਮੰਗ ਪੱਤਰ ਦੇਣ ਉਪਰੰਤ ਦੱਸਿਆ ਕਿ ਪਹਿਲਾਂ ਪੰਚਾਇਤੀ ਜ਼ਮੀਨ ਦੀ ਬੋਲੀ ਵਿੱਚੋਂ 18 ਪ੍ਰਤੀਸ਼ਤ ਕੱਟਿਆ ਜਾਂਦਾ ਸੀ ਅਤੇ ਹੁਣ 30 ਪ੍ਰਤੀਸ਼ਤ ਕਰ ਦਿੱਤਾ ਹੈ, ਜੋ 18 ਪ੍ਰਤੀਸ਼ਤ ਹੀ ਰੱਖਿਆ ਜਾਵੇ, ਸਰਪੰਚਾਂ ਦਾ ਮਾਣ ਭੱਤਾ 1180 ਤੋਂ ਵਧਾ ਕੇ 25000 ਹਜ਼ਾਰ ਰੁਪਏ ਕੀਤਾ ਜਾਵੇ ਅਤੇ ਮਾਣ ਭੱਤੇ ਦੀ ਬਕਾਇਆ ਰਕਮ ਤੁਰੰਤ ਦਿੱਤੀ ਜਾਵੇ, ਪੰਚਾਇਤ ਨਾਲ ਜੇ ਕੋਈ ਝਗੜਾ ਕਰਦਾ ਹੈ ਤਾਂ ਦੋਸ਼ੀ ਖ਼ਿਲਾਫ਼ ਵਾਧੂ ਧਾਰਾ ਲਾ ਕੇ ਪਰਚਾ ਦਰਜ ਕੀਤਾ ਜਾਵੇ। ਜੀਓਜੀ ਮੁਲਾਜ਼ਮਾਂ ਦੀ ਪੰਚਾਇਤੀ ਕੰਮਾਂ ਵਿੱਚ ਦਖਲਅੰਦਾਜੀ ਬੰਦ ਕੀਤੀ ਜਾਵੇ, ਆਡਿਟ ਵਿੱਚ ਤਰੁੱਟੀ ਹੋਣ ’ਤੇ ਪੰਚਾਇਤ ਸੈਕਟਰੀ, ਜੇਈ ਅਤੇ ਬੀਡੀਪੀਓ ਦੀ ਬਰਾਬਰ ਜ਼ਿੰਮੇਵਾਰੀ ਸਮਝੀ ਜਾਵੇ, ਮਨਰੇਗਾ ਵਿੱਚ ਕੰਮਾਂ ਦੀਆਂ ਪੇਮੈਟਾਂ ਦਾ ਪੱਕਾ ਸਮਾਂ ਰੱਖਿਆ ਜਾਵੇ, ਪਿੰਡ ਦੀ ਗਰਾਂਟ ਜੀਐਸਟੀ ਤੋਂ ਰਹਿਤ ਕੀਤੀ ਜਾਵੇ ਆਦਿ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੰਚਾਇਤਾਂ ਦੀਆਂ ਪੇਮੈਟਾਂ ਜਲਦੀ ਬਹਾਲ ਨਾ ਕੀਤੀਆਂ ਤਾਂ ਪੰਚਾਇਤਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਧਰਨੇ ਦਿੱਤੇ ਜਾਣਗੇ। ਉਧਰ ਬੀਡੀਪੀਓ ਸੰਜੀਵ ਕੁਮਾਰ ਨੇ ਦੱਸਿਆ ਕਿ ਉਹ ਮੰਗ ਪੱਤਰ ਜਲਦੀ ਹੀ ਡਾਇਰੈਕਟਰ ਕੋਲ ਭੇਜ ਦੇਣਗੇ। ਇਸ ਮੌਕੇ ਬਲਾਕ ਦਿੜ੍ਹਬਾ ਦੇ ਸਾਰੇ ਸਰਪੰਚ ਹਾਜ਼ਰ ਸਨ।