ਹੁਸ਼ਿਆਰ ਸਿੰਘ ਰਾਣੁੰ
ਮਾਲੇਰਕੋਟਲਾ, 9 ਮਈ
ਅੰਧ ਰਾਸ਼ਟਰਵਾਦ ਦੇਸ਼ ਦੀ ਕਿਸੇ ਸਮੱਸਿਆ ਦਾ ਹੱਲ ਨਹੀਂ ਸਗੋਂ ਇਸ ਨਾਲ ਆਮ ਕਿਰਤੀ ਸ਼੍ਰੇਣੀ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਹੋਣ ਦੇ ਨਾਲ ਨਾਲ ਦੇਸ਼ ਕਮਜ਼ੋਰ ਹੋਵੇਗਾ। ਇਹ ਗੱਲ ਭਾਰਤੀ ਕਿਸਾਨ ਯੂਨੀਅਨ ਏਕਤਾ( ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਜਮਾਤ ਏ ਇਸਲਾਮੀ ਹਿੰਦ ਦੀ ਪੰਜਾਬ ਇਕਾਈ ਵੱਲੋਂ ਸਥਾਨਕ ‘ਦੀ ਟਾਊਨ ਪਬਲਿਕ ਸਕੂਲ’ ਵਿੱਚ ਕਰਵਾਏ ਵਿਸ਼ੇਸ਼ ਈਦ ਮਿਲਣ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਹੀ। ਉਹ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਬੀਤੇ ਕੁੱਝ ਦਿਨਾਂ ਤੋਂ ਵਾਪਰ ਰਹੀਆਂ ਘਟਨਾਵਾਂ ਵੱਲ ਸੰਕੇਤ ਕਰ ਰਹੇ ਸਨ।ਉਨ੍ਹਾਂ ਕਿਹਾ ਕਿ ਪਹਿਲਾਂ ਵੀ ਅੰਧ ਰਾਸ਼ਟਰਵਾਦ ਦੇ ਪ੍ਰਭਾਵ ਅਧੀਨ ਹੀ ਦੇਸ਼ ਵੰਡਿਆ ਗਿਆ ਸੀ ਅਤੇ ਵੰਡ ਦਾ ਸੰਤਾਪ ਹੁਣ ਤੱਕ ਦੋਵੇਂ ਦੇਸ਼ਾਂ ਦੇ ਕਿਰਤੀ, ਕਿਸਾਨ ਅਤੇ ਆਮ ਲੋਕ ਭੁਗਤ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਫਾਸ਼ੀਵਾਦੀ ਸ਼ਕਤੀਆਂ ਨੂੰ ਉਭਰਨ ਨਹੀਂ ਦਿੱਤਾ ਜਾਵੇਗਾ ਅਤੇ ਉਹ ਇਸ ਲਈ ਲਗਾਤਾਰ ਸੰਘਰਸ਼ ਕਰਦੇ ਰਹਿਣਗੇ। ਜਮਾਤ ਏ ਇਸਲਾਮੀ ਹਿੰਦ ਦੇ ਸੂਬਾਈ ਪ੍ਰਧਾਨ ਜਨਾਬ ਅਬਦੁਸ਼ ਸ਼ਕੂਰ ਨੇ ਕਿਹਾ ਕਿ ਦੇਸ਼ ਵਿੱਚ ਸਰਗਰਮ ਫਾਸ਼ੀਵਾਦੀ ਤਾਕਤਾਂ ਭਾਵੇਂ ਹਮੇਸ਼ਾ ਹੀ ਘੱਟਗਿਣਤੀ ਵਿਚ ਰਹੀਆਂ ਹਨ ਪਰ ਫਾਸ਼ੀਵਾਦ ਵਿਰੋਧੀ ਸ਼ਕਤੀਆਂ ਦਾ ਆਪਸ ਵਿੱਚ ਵੰਡੇ ਰਹਿਣਾ ਫਿਰਕੂ ਸ਼ਕਤੀਆਂ ਨੂੰ ਆਪੇ ਹੀ ਮਜ਼ਬੂਤ ਕਰ ਦਿੰਦਾ ਹੈ। ਉਨ੍ਹਾਂ ਮਾਨਵਤਾਵਾਦੀ ਜਥੇਬੰਦੀਆਂ ਵਿਚਕਾਰ ਲਗਾਤਾਰ ਆਪਸੀ ਸੰਵਾਦ ਹੁੰਦੇ ਰਹਿਣ ਦੀ ਲੋੜ ‘ਤੇ ਜ਼ੋਰ ਦਿੱਤਾ। ਸਮਾਰੋਹ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ,,ਏਡੀਸੀ ਸੰਗਰੂਰ ਅਬਦੁਲ ਲਤੀਫ਼, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਪ੍ਰਧਾਨ ਮਨਜੀਤ ਧਨੇਰ, ਸਨਅਤਕਾਰ ਮੁਹੰਮਦ ਉਵੈਸ, ਸੀਨੀਅਰ ਪੱਤਰਕਾਰ ਹਮੀਰ ਸਿੰਘ, ਜਸਪਾਲ ਸਿੰਘ ਸਿੱਧੂ, ਮਾਲਵਿੰਦਰ ਸਿੰਘ ਮਾਲੀ ਨੇ ਵੀ ਸੰਬੋਧਨ ਕੀਤਾ। ਮੰਚ ਸੰਚਾਲਨ ਡਾ਼ ਮੁਹੰਮਦ ਇਰਸ਼ਾਦ ਨੇ ਕੀਤਾ ਅਤੇ ਸ਼ਿਰਾਜ਼ ਅਹਿਮਦਨੇ ਸਭਨਾਂ ਦਾ ਧੰਨਵਾਦ ਕੀਤਾ।