ਪੱਤਰ ਪ੍ਰੇਰਕ
ਲਹਿਰਾਗਾਗਾ, 19 ਨਵੰਬਰ
ਇਥੇ ਖੇਤੀ ਕਾਨੂੰਨਾਂ ਖ਼ਿਲਾਫ ਬਣਾਏ ਕਾਨੂੰਨਾਂ ਨੂੰ ਰੱਦ ਕਰਨ ਨੂੰ ਲੈ ਕੇ ਪਹਿਲੀ ਅਕਤੂਬਰ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਵੱਲੋਂ ਲਹਿਲ ਖੁਰਦ ਦੇ ਰਿਲਾਇੰਸ ਪੰਪ ਦਾ ਘਿਰਾਉ ਅੱਜ ਵੀ ਜਾਰੀ ਰਿਹਾ। ਇਸ ਧਰਨੇ ’ਚ ਔਰਤਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਤੇ 26-27 ਨਵੰਬਰ ਨੂੰ ਦਿੱਲੀ ਜਾਣ ਲਈ ਪ੍ਰਣ ਲਿਆ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਬਹਾਦਰ ਭੁਟਾਲ ਖੁਰਦ ਨੇ ਦੱਸਿਆ ਕਿ ਪਿਛਲੇ ਦਿਨੀਂ ਭਾਜਪਾ ਦੀ ਮੋਦੀ ਸਰਕਾਰ ਨੇ ਕਿਸਾਨ-ਮਜ਼ਦੂਰ ਵਿਰੋਧੀ ਤਿੰਨ ਕਾਨੂੰਨ ਬਣਾ ਦਿੱਤੇ ਹਨ। ਜਥੇਬੰਦੀ ਦੇ ਸੀਨੀਅਰ ਆਗੂ ਕਰਨੈਲ ਗਨੌਟਾ, ਸੂਬਾ ਸਿੰਘ, ਹਰਜੀਤ ਸਿੰਘ ਭੂਟਾਲ ਕਲਾਂ, ਦਰਸ਼ਨ ਸਿੰਘ ਕੋਟੜਾ, ਰਾਮ ਸਿੰਘ ਨੰਗਲਾ, ਬੂਟਾ ਭੂਟਾਲ ਕਲਾਂ, ਜਗਸੀਰ ਖੰਡੇਵਾਦ, ਜਗਦੀਪ ਸਿੰਘ ਲਹਿਲ ਖੁਰਦ, ਗੁਰਪਿਆਰ ਸਿੰਘ ਲਹਿਲ ਖੁਰਦ, ਗੋਗਾ ਲਹਿਲ ਖੁਰਦ, ਬਹਾਲ ਸਿੰਘ ਢੀਂਡਸਾ ਜ਼ਿਲ੍ਹਾ ਆਗੂ, ਦਰਸ਼ਨ ਚੰਗਾਲੀਵਾਲਾ, ਛੋਟਾ ਸਿੰਘ ਘੋੜੇਨਬ ਨੇ ਦੱਸਿਆ ਕਿ ਇਨ੍ਹਾਂ ਕਾਨੂੰਨਾਂ ਦੇ ਬਣਨ ਵਾਲੇ ਕਿਰਤੀ ਲੋਕਾਂ ਦੀ ਲੁੱਟ ਵਧ ਜਾਣੀ ਹੈ। ਧਰਨਿਆਂ ਵਿੱਚ ਨੌਜਵਾਨਾਂ ਤੇ ਮਾਵਾਂ ਭੈਣਾਂ ਦੀ ਗਿਣਤੀ ਵੱਡੇ ਪੱਧਰ ’ਤੇ ਪੰਹੁਚ ਰਹੀ ਹੈ। ਉਨ੍ਹਾਂ ਦੱਸਿਆ ਕਿ 26-27 ਨਵੰਬਰ ਨੂੰ ਦਿੱਲੀ ਜਾਣ ਵਾਸਤੇ ਤਿਆਰੀਆਂ ਵੱਡੇ ਪੱਧਰ ’ਤੇ ਕੀਤੀਆ ਜਾ ਰਹੀਆਂ ਹਨ। ਦਿੱਲੀ ਦੀ ਤਿਆਰੀ ਵਜੋਂ ਵੱਡੀ ਪੱਧਰ ’ਤੇ ਬਿਊਤਬੰਦੀ ਬਣਾਈ ਜਾ ਰਹੀ ਹੈ। ਇਹ ਕਾਲੇ ਕਾਨੂੰਨ ਜਿਸਜਦੋਂ ਤੱਕ ਖਤਮ ਨਹੀਂ ਕੀਤੇ ਜਾਂਦੇ ਉਦੋਂ ਤੱਦ ਸੰਘਰਸ਼ ਜਾਰੀ ਰਹੇਗਾ। ਇਤਿਹਾਸ ਗਵਾਹ ਹੈ ਕਿ ਸੰਘਰਸ਼ ਕਰਨ ਵਾਲੇ ਲੋਕ ਕਦੇ ਵੀ ਨਹੀਂ ਹਾਰੇ ਪਰ ਸਰਕਾਰਾਂ ਨੇ ਭਰਮ ਪਾਲ ਰੱਖਿਆ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਬੁੱਧੀਜੀਵੀਆਂ, ਲੇਖਕਾਂ ਨੂੰ ਰਿਹਾਅ ਕੀਤਾ ਜਾਵੇ, ਬਿਜਲੀ ਐਕਟ ਰੱਦ ਕੀਤਾ ਜਾਵੇ, ਕਿਸਾਨਾਂ ’ਤੇ ਪਾਏ ਪਰਚੇ ਰੱਦ ਕੀਤੇ ਜਾਣ, ਜਨਤਕ ਅਦਾਰਿਆਂ ਦਾ ਸਰਕਾਰੀਕਰਨ ਕੀਤਾ ਜਾਵੇ, ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ।