ਪੱਤਰ ਪ੍ਰੇਰਕ
ਲਹਿਰਾਗਾਗਾ, 11 ਜਨਵਰੀ
ਐੱਚਡੀਐੱਫਸੀ ਬੈਂਕ ਲਹਿਰਾਗਾਗਾ ਵੱਲੋਂ ਬੀਮਾ ਰਾਸ਼ੀ ਦਾ ਕਲੇਮ ਨਾ ਦੇਣ ’ਤੇ 14 ਜਨਵਰੀ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਧਰਨਾ ਦਿੱਤਾ ਜਾਵੇਗਾ। ਇਸ ਬਾਰੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਲੇਹਲ ਖੁਰਦ ਦੇ ਪ੍ਰਧਾਨ ਜਗਦੀਪ ਸਿੰਘ ਤੇ ਹਰਸੇਵਕ ਸਿੰਘ ਨੇ ਦੱਸਿਆ ਕਿ ਤਿੰਨ ਸਾਲ ਪਹਿਲਾਂ ਲੇਹਲ ਖੁਰਦ ਦੇ ਕਿਸਾਨ ਰਣਧੀਰ ਸਿੰਘ ਨੇ 8,80000 ਹਜ਼ਾਰ ਰੁਪਏ ਦਾ ਕਰਜ਼ਾ ਐੱਚਡੀਐੱਫਸੀ ਬੈਂਕ ਲਹਿਰਾਗਾਗਾ ਤੋਂ ਲਿਆ ਸੀ। ਕਰਜ਼ਾ ਲੈਣ ਸਮੇਂ ਬੈਂਕ ਨੇ ਰਣਧੀਰ ਸਿੰਘ ਦਾ ਬੀਮਾ ਕੀਤਾ ਸੀ ਪਰ ਅਪਰੈਲ 2021 ਵਿੱਚ ਰਣਧੀਰ ਸਿੰਘ ਦੀ ਮੌਤ ਹੋ ਗਈ। ਜਿਸ ਸਬੰਧੀ ਕਾਗਜ਼ਾਤ ਬੈਂਕ ਵਿੱਚ ਰਣਧੀਰ ਸਿੰਘ ਦੇ ਪੁੱਤਰ ਨੇ ਦੋ ਦਿਨਾਂ ਦੇ ਅੰਦਰ-ਅੰਦਰ ਦੇ ਦਿੱਤੇ ਸਨ। ਬੈਂਕ ਵੱਲੋਂ ਕਲੇਮ ਦੇਣ ਵਿੱਚ ਛੇ ਮਹੀਨਿਆਂ ਦੀ ਦੇਰੀ ਜਾਣਬੁੱਝ ਕੇ ਕੀਤੀ ਗਈ। ਜਿਸ ਦਾ ਵਿਆਜ 80,000 ਰੁਪਏ ਬਣਾ ਦਿੱਤਾ। ਜਥੇਬੰਦੀਆਂ ਦੇ ਆਗੂ ਕਈ ਵਾਰ ਬੈਂਕ ਮੈਨੇਜਰ ਨੂੰ ਇਸ ਸਬੰਧੀ ਮਿਲ ਚੁੱਕੇ ਹਨ ਪਰ ਉਨ੍ਹਾਂ ਨੇ ਇਸ ਮਸਲੇ ਨੂੰ ਹੱਲ ਕਰਨ ਵਿੱਚ ਕੋਈ ਗੰਭੀਰਤਾ ਨਹੀਂ ਦਿਖਾਈ। ਜਥੇਬੰਦੀਆਂ ਨੇ ਫੈਸਲਾ ਲਿਆ ਹੈ ਕਿ ਮ੍ਰਿਤਕ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ 14 ਬੈਂਕ ਦਾ ਘਿਰਾਓ ਕੀਤਾ ਜਾਵੇਗਾ।
ਉਧਰ, ਬੈਂਕ ਦੇ ਮੈਨੇਜਰ ਨੇ ਸੰਨੀ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਬੈਂਕ ਵੱਲੋਂ ਮ੍ਰਿਤਕ ਦਾ ਕਲੇਮ ਤਿਆਰ ਹੈ ਅਤੇ ਮ੍ਰਿਤਕ ਦੇ ਲੜਕੇ ਵੱਲੋਂ ਦਸਤਾਵੇਜ਼ ਲੇਟ ਦੇਣ ਅਤੇ ਬਣਦਾ ਵਿਆਜ ਨਾ ਭਰਨ ਕਾਰਨ ਕਲੇਮ ਲਟਕਿਆ ਹੈ। ਜਿਸ ਨੂੰ ਹੱਲ ਕਰ ਲਿਆ ਜਾਵੇਗਾ।