ਬੀਰਬਲ ਰਿਸ਼ੀ
ਸ਼ੇਰਪੁਰ, 19 ਜੂਨ
ਪਿੰਡ ਰਾਮਨਗਰ ਛੰਨਾਂ ਦੇ ਗੁਰਦੁਆਰਾ ਸੰਗਤਸਰ ਸਾਹਿਬ ਵਿਖੇ ਪਿੰਡ ਵਾਸੀਆਂ ਨੇ ਬੀਕੇਯੂ ਡਕੌਂਦਾ ਦੇ ਸੱਦੇ ’ਤੇ ਇਕੱਤਰਤਾ ਕਰਕੇ ਪਿੰਡ ’ਚ ਹੋ ਰਹੀਆਂ ਚੋਰੀਆਂ ਤੇ ਵਿਕ ਰਹੇ ਨਸ਼ੇ ਵਿਰੁੱਧ ਡੂੰਘੀ ਚਿੰਤਾਂ ਦਾ ਪ੍ਰਗਟਾਵਾ ਕਰਦਿਆਂ ਪੁਲੀਸ ਨੂੰ ਕਾਰਵਾਈ ਕਰਨ ਲਈ ਇੱਕ ਹਫ਼ਤੇ ਦਾ ਅਲਟੀਮੇਟਮ ਦਿੱਤਾ ਹੈ। ਮੀਟਿੰਗ ਵਿੱਚ ਖਾਸ ਤੌਰ ’ਤੇ ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਵਰਕਰਾਂ, ਧਾਰਮਿਕ ਆਗੂਆਂ ਅਤੇ ਪਿੰਡ ਦੇ ਪਤਵੰਤਿਆਂ ਦੇ ਹਿੱਸਾ ਲਿਆ ਅਤੇ ਪੁਲੀਸ ਵੱਲੋਂ ਕਾਰਵਾਈ ਨਾ ਹੋਣ ਦੀ ਸੂਰਤ ’ਚ 28 ਜੂਨ ਨੂੰ ਥਾਣਾ ਸ਼ੇਰਪੁਰ ਦੇ ਘਿਰਾਓ ਦਾ ਫੈਸਲਾ ਕੀਤਾ ਗਿਆ।
ਬੀਕੇਯੂ ਡਕੌਂਦਾ ਦੇ ਬਲਾਕ ਪ੍ਰਧਾਨ ਸ਼ਮਸ਼ੇਰ ਸਿੰਘ ਈਸਾਪੁਰ ਅਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਹੋਰ ਚੋਰੀਆਂ ਤੋਂ ਇਲਾਵਾ ਕਿਸਾਨ ਆਗੂ ਕਰਮਜੀਤ ਸਿੰਘ ਛੰਨਾਂ ਦੇ ਘਰ ਚੋਰੀ ਹੋਈ ਸੀ ਜਿਸ ਸਬੰਧੀ ਪੁਲੀਸ ਨੇ ਖੁਦ ਫਿੰਗਰ ਪ੍ਰਿੰਟਸ ਮੈਚ ਹੋਣ ਦੀ ਗੱਲ ਤਾਂ ਮੰਨੀ ਪਰ ਕਾਰਵਾਈ ਨਹੀਂ ਕੀਤੀ। ਇਸੇ ਤਰ੍ਹਾਂ ਮੀਟਿੰਗ ਦੌਰਾਨ ਪਿੰਡ ਵਿੱਚ ਚਿੱਟੇ ਸਮੇਤ ਹੋਰ ਨਸ਼ਿਆਂ ਦੀ ਸ਼ਰ੍ਹੇਆਮ ਹੋ ਰਹੀ ਵਿੱਕਰੀ ਦਾ ਮੁੱਦਾ ਉੱਠਿਆ ਜਿਸ ’ਤੇ ਬੀਕੇਯੂ ਏਕਤਾ ਉਗਰਾਹਾਂ ਦੇ ਬਲਵੰਤ ਸਿੰਘ ਅਤੇ ਕਿਸਾਨ ਆਗੂ ਨਰਿੰਦਰਪਾਲ ਛੰਨਾ ਨੇ ਪੁਲੀਸ ਦੀ ਭੂਮਿਕਾ ’ਤੇ ਸੁਆਲ ਚੁੱਕੇ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜਗਮੇਲ ਸਿੰਘ, ਭੁਪਿੰਦਰ ਸਿੰਘ, ਰਾਜਦੀਪ ਸਿੰਘ, ਇਕਬਾਲ ਸਿੰਘ ਆਦਿ ਵੀ ਹਾਜ਼ਰ ਸਨ।