ਪੱਤਰ ਪ੍ਰੇਰਕ
ਸ਼ੇਰਪੁਰ, 13 ਅਗਸਤ
ਇਲਾਕੇ ’ਚ ਚੋਰੀਆਂ ਦਾ ਵਾਰਦਾਤਾਂ ਦੇ ਅਚਨਚੇਤ ਵਾਧੇ ਤੋਂ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ ਅਤੇ ਇੱਕ ਚੋਰੀ ਹੋਏ ਮੋਟਰਸਾਈਕਲ ਦੀ ਥਾਣੇ ਵਿੱਚੋਂ ਬਰਾਮਦਗੀ ਮਗਰੋਂ ਪੁਲੀਸ ਦੀ ਭੂਮਿਕਾ ਦੀ ਉੱਚ-ਪੱਧਰੀ ਜਾਂਚ ਲਈ ਬੀਕੇਯੂ ਡਕੌਂਦਾ ਨੇ 18 ਅਗਸਤ ਨੂੰ ਥਾਣਾ ਸ਼ੇਰਪੁਰ ਅੱਗੇ ਧਰਨਾ ਦੇਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਬੀਕੇਯੂ ਡਕੌਂਦਾ ਦੇ ਬਲਾਕ ਆਗੂ ਬਲਵੰਤ ਸਿੰਘ ਛੰਨਾ ਅਤੇ ਸੁਖਵਿੰਦਰ ਸਿੰਘ ਲੀਲਾ ਨੇ ਦੋਸ਼ ਲਾਇਆ ਕਿ ਸ਼ੇਰਪੁਰ ਪੁਲੀਸ ਨੇ ਇੱਕ ਚੋਰੀ ਮੋਟਰਸਾਈਕਲ ਦਾ ਮਾਮਲਾ ਤਾਂ ਚੁੱਪ-ਚੁਪੀਤੇ ਰਫ਼ਾ-ਦਫ਼ਾ ਕਰ ਦਿੱਤਾ ਪਰ ਦੂਜੇ ਚੋਰੀ ਮੋਟਰਸਾਈਕਲ ਦਾ ਥਾਣੇ ਵਿੱਚੋਂ ਮਿਲਣਾ ਪੁਲੀਸ ਦੀ ਭੂਮਿਕਾ ’ਤੇ ਸੁਆਲੀਆ ਚਿੰਨ੍ਹ ਹੈ। ਉਨ੍ਹਾਂ ਚੋਰੀਆਂ ਸਬੰਧੀ ਮਾਮਲੇ ਦੀ ਉਚ ਪੱਧਰੀ ਜਾਂਚ ਦੀ ਮੰਗ ਨੂੰ ਲੈ ਕੇ 18 ਅਗਸਤ ਨੂੰ ਥਾਣਾ ਸ਼ੇਰਪੁਰ ਅੱਗੇ ਧਰਨਾ ਲਾਉਣ ਦਾ ਐਲਾਨ ਕੀਤਾ ਹੈ। ਐੱਚਐੱਚਓ ਸ਼ੇਰਪੁਰ ਪੁਲੀਸ ਦੋਸ਼ਾਂ ਨੂੰ ਪਹਿਲਾਂ ਹੀ ਨਕਾਰ ਚੁੱਕੇ ਹਨ। ਬੀਤੀ ਸ਼ਾਮ ਸ਼ੇਰਪੁਰ ਦੇ ਬਾਜ਼ਾਰ ਵਿੱਚੋਂ ਝਪਟਮਾਰਾਂ ਨੇ ਇਕ ਵਿਅਕਤੀ ਤੋਂ ਮੋਬਾਈਲ ਖੋਹ ਲਿਆ ਸੀ, ਪਰ ਪੁਲੀਸ ਵੱਲੋਂ ਕਾਰਵਾਈ ਨਾ ਹੋਣ ’ਤੇ ਪੀੜਤਾਂ ਨੇ ਮੋਬਾਈਲ ਖੋਹਣ ਵਾਲਿਆਂ ਤੱਕ ਪਹੁੰਚ ਕਰਕੇ ਮੋਬਾਈਲ ਬਰਾਮਦ ਕਰ ਲਿਆ।