ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 10 ਜੂਨ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ ’ਤੇ ਪੰਜਾਬ ਭਰ ਵਿਚ ਚੱਲ ਰਹੇ ਪਾਣੀ ਬਚਾਓ ਮੋਰਚੇ ਅੱਜ ਸਮਾਪਤ ਹੋ ਗਏ। ਸੁਨਾਮ ਬਲਾਕ ਵਿੱਚ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਹੇਠ ਬਲਾਕ ਦੇ 42 ਪਿੰਡਾਂ ਵਿਚ ਇਹ ਧਰਨੇ 6 ਜੂਨ ਨੂੰ ਸ਼ੁਰੂ ਹੋਏ ਸਨ। ਅੱਜ ਧਰਨਿਆਂ ਦੀ ਸਮਾਪਤੀ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਕਿਹਾ ਕਿ ਇਹ ਪੰਜ ਰੋਜ਼ਾ ਮੋਰਚੇ ਆਉਂਦੇ ਦਿਨਾਂ ਵਿਚ ਪਾਣੀ ਬਚਾਉਣ ਲਈ ਕੀਤੇ ਜਾਣ ਵਾਲੇ ਸੰਘਰਸ਼ ਦੀ ਤਿਆਰੀ ਵਜੋਂ ਲਾਏ ਗਏ ਸਨ। ਉਨ੍ਹਾਂ ਕਿਹਾ ਕਿ ਦਿਨੋਂ ਦਿਨ ਡੂੰਘੇ ਹੁੰਦੇ ਜਾ ਰਹੇ ਪਾਣੀਆਂ ਦਾ ਠੀਕਰਾ ਕਿਸਾਨਾਂ ਸਿਰ ਭੰਨਿਆ ਜਾ ਰਿਹਾ ਹੈ, ਜਦੋਂਕਿ ਇਸ ਦੇ ਅਸਲ ਦੋਸ਼ੀ ਉਹ ਕਾਰਪੋਰੇਟ ਹਨ, ਜਿਨ੍ਹਾਂ ਨੇ ਹਰੇ ਇਨਕਲਾਬ ਦਾ ਮਾਡਲ ਲਿਆ ਕੇ ਕਿਸਾਨ ਨੂੰ ਇਕ ਮੱਕੜੀ ਜਾਲ਼ ਵਿਚ ਫਸਾਇਆ।
ਲਹਿਰਾਗਾਗਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 6 ਜੂਨ ਤੋਂ ਸ਼ੁਰੂ ਕੀਤੀ ‘ਪਾਣੀ ਬਚਾਓ ਖੇਤੀ ਬਚਾਓ’ ਮੁਹਿੰਮ ਵੱਡੇ ਸੰਘਰਸ਼ ਵਿੱਢਣ ਦੇ ਐਲਾਨ ਤੋਂ ਬਾਅਦ ਸਮਾਪਤ ਕਰ ਦਿੱਤੀ ਗਈ ਹੈ। ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਸੌਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਵਿਦੇਸ਼ੀ ਖੇਤੀ ਮਾਡਲ ਰੱਦ ਕੀਤਾ ਜਾਵੇ।
ਭਵਾਨੀਗੜ (ਪੱਤਰ ਪ੍ਰੇਰਕ): ‘ਪਾਣੀ ਬਚਾਓ ਖੇਤੀ ਬਚਾਓ’ ਦਾ ਹੋਕਾ ਦੇਣ ਲਈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਪੰਜਵੇਂ ਦਿਨ ਵੀ ਬਲਾਕ ਦੇ 35 ਪਿੰਡਾਂ ਵਿੱਚ ਪਾਣੀ ਵਾਲੀਆਂ ਟੈਂਕੀਆਂ ਉਪਰ ਮੋਰਚੇ ਜਾਰੀ ਰੱਖੇ। ਇਸ ਮੌਕੇ ਸੂਬਾ ਪ੍ਰਚਾਰਕ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਕਿਹਾ ਕਿ ਜਥੇਬੰਦੀ ਦੇ ਉਲੀਕੇ ਪ੍ਰੋਗਰਾਮ ਤਹਿਤ ਪਿੰਡ ਕਾਲਾਝਾੜ ਸਮੇਤ ਪੰਜਾਬ ਦੇ 12 ਪਿੰਡਾਂ ਵਿੱਚ ਟੋਭੇ ਬਰੇਤੀ ਤੱਕ ਡੂੰਘੇ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚ ਮੀਂਹ ਦਾ ਪਾਣੀ ਰੀਚਾਰਜ ਕੀਤਾ ਜਾਵੇਗਾ।
ਸ਼ੇਰਪੁਰ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਲਾਕ ਸ਼ੇਰਪੁਰ ਦੇ 15 ਪਿੰਡਾਂ ਵਿੱਚ ਅੱਜ ਪੰਜਵੇਂ ਦਿਨ ਵੀ ਕਿਸਾਨ ਧਰਨੇ ਜਾਰੀ ਰਹੇ। ਆਗੂਆਂ ਨੇ ਪਾਣੀ ਸੰਕਟ ਦਾ ਠੁਣਾ ਕਿਸਾਨਾਂ ਸਿਰ ਭੰਨਣ ਦਾ ਵਿਰੋਧ ਕਰਦਿਆਂ ਸਪੱਸ਼ਟ ਕੀਤਾ ਕਿ ਕਿਸਾਨ ਝੋਨੇ ਦੀ ਫਸਲ ਬੀਜਣ ਤੋਂ ਕਿਨਾਰਾ ਕਰਨ ਲਈ ਤਿਆਰ ਹਨ, ਬਸ਼ਰਤੇ 23 ਫਸਲਾਂ ’ਤੇ ਐੱਮਐੱਸਪੀ ਦੀ ਗਾਰੰਟੀ ਦਿੱਤੀ ਜਾਵੇ।