ਪੱਤਰ ਪ੍ਰੇਰਕ
ਸ਼ੇਰਪੁਰ, 17 ਅਗਸਤ
ਈਨਾਬਾਜਵਾ ਜ਼ਮੀਨੀ ਵਿਵਾਦ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਪਿੰਡ ਈਨਾਬਾਜਵਾ ਦੇ ਲੋਕਾਂ ’ਤੇ ਸੰਗੀਨ ਧਾਰਾਵਾਂ ਹੇਠ ਦਰਜ ਕੀਤੇ ਗਏ ਕੇਸ ਵਾਪਸ ਲੈਣ ਅਤੇ ਰਾਮਨਗਰ ਛੰਨਾਂ ਵਿੱਚ ਹੋਈਆਂ ਚੋਰੀਆਂ ਦੀ ਪੜਤਾਲ ਲਈ ਡੀਐੱਸਪੀ ਧੂਰੀ ਯੋਗੇਸ਼ ਸ਼ਰਮਾ ਨਾਲ ਮੁਲਾਕਾਤ ਕੀਤੀ ਤੇ ਸ਼ੇਰਪੁਰ ਪੁਲੀਸ ਨੂੰ 25 ਅਗਸਤ ਤੱਕ ਦਾ ਅਲਟੀਮੇਟਮ ਵੀ ਦੇ ਦਿੱਤਾ। ਬੀਕੇਯੂ ਡਕੌਂਦਾ ਦੇ ਬਲਾਕ ਪ੍ਰਧਾਨ ਸ਼ਮਸ਼ੇਰ ਸਿੰਘ ਈਸਾਪੁਰ ਦੀ ਅਗਵਾਈ ਹੇਠ ਵਫ਼ਦ ਵਿੱਚ ਬਲਾਕ ਆਗੂ ਦਰਸ਼ਨ ਸਿੰਘ ਕਾਤਰੋਂ, ਹਰਭਜਨ ਸਿੰਘ ਅਲੀਪੁਰ ਤੇ ਕਰਮਜੀਤ ਸਿੰਘ ਰਾਮਨਗਰ ਛੰਨਾ ਸਮੇਤ ਹੋਰ ਕਿਸਾਨ ਆਗੂ ਸ਼ਾਮਲ ਸਨ। ਯਾਦ ਰਹੇ ਕਿ ਬੀਕੇਯੂ ਡਕੌਂਦਾ ਦੀ ਪੰਜ ਮੈਂਬਰੀ ਕਮੇਟੀ ਨੇ ਇਸ ਮਾਮਲੇ ਦੀ ਖੁਦ ਪੜਤਾਲ ਕਰ ਕੇ ਸ਼ੇਰਪੁਰ ਪੁਲੀਸ ਵੱਲੋਂ ਪਾਏ ਕੇਸਾਂ ਨੂੰ ਝੂਠਾ ਕਰਾਰ ਦਿੱਤਾ ਸੀ। ਜਾਣਕਾਰੀ ਅਨੁਸਾਰ ਮਸਲੇ ਦਾ ਮੁੱਢ ਉਦੋਂ ਬੱਝਿਆ ਸੀ ਜਦੋਂ ਦੋ ਧਿਰਾਂ ਵੱਲੋਂ ਈਨਾਬਾਜਵਾ ਵਿੱਚ ਜ਼ਮੀਨੀ ਟੁਕੜੇ ’ਤੇ ਹੋਏ ਵਿਵਾਦ ਦੇ ਮੱਦੇਨਜ਼ਰ ਬੀਕੇਯੂ ਏਕਤਾ ਉਗਰਾਹਾਂ ਦੇ ਕਾਰਕੁਨਾਂ ਨੇ ਇੱਕ ਧਿਰ ਦੇ ਪੱਖ ਵਿੱਚ ਡਟਦਿਆਂ ਵਿਵਾਦਤ ਥਾਂ ’ਤੇ ਖੁਦ ਝੋਨਾ ਲਾਉਣ ਦੀ ਕੋਸ਼ਿਸ਼ ਕੀਤੀ। ਉਸ ਵੇਲੇ ਬਲਾਕ ਪ੍ਰਧਾਨ ਮਲਕੀਤ ਸਿੰਘ ਸਮੇਤ ਕਿਸਾਨ ਆਗੂਆਂ ਦੀ ਕੁੱਟਮਾਰ ਕੀਤੀ ਗਈ ਸੀ ਜਿਸ ਮਗਰੋਂ ਉਗਰਾਹਾਂ ਜਥੇਬੰਦੀ ਨੇ ਥਾਣਾ ਸ਼ੇਰਪੁਰ ਅੱਗੇ ਧਰਨਾ ਦੇ ਕੇ ਪਿੰਡ ਈਨਾਬਾਜਵਾ ਦੇ ਲੋਕਾਂ ’ਤੇ ਕੇਸ ਦਰਜ ਕਰਵਾਇਆ ਸੀ। ਉੱਧਰ, ਪੁਲੀਸ ਇਸ ਮਾਮਲੇ ਨੂੰ ਨਬਿੇੜਨ ਲਈ ਉਤਾਵਲੀ ਹੈ ਜਿਸਦੇ ਮੱਦੇਨਜ਼ਰ ਡੀਐੱਸਪੀ ਯੋਗੇਸ਼ ਸ਼ਰਮਾ ਵੱਲੋਂ 25 ਅਗਸਤ ਤੋਂ ਪਹਿਲਾਂ ਦੋਵੇਂ ਧਿਰਾਂ ਦੀ ਮੀਟਿੰਗ ਕਰਵਾਈ ਜਾ ਰਹੀ ਹੈ।