ਪੱਤਰ ਪ੍ਰੇਰਕ
ਲਹਿਰਾਗਾਗਾ, 27 ਦਸੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਰਾਜਸੀ ਆਗੂਆਂ ਨੂੰ ਕਾਲੇ ਕਾਨੂੰਨ ਖਤਮ ਹੋਣ ਤੋਂ ਬਾਅਦ ਸਵਾਲ ਨਾ ਕਰਨ ਦੇ ਐਲਾਨ ਦੇ ਬਾਵਜੂਦ ਇੱਥੇ ਬੀਕੇਯੂ ਏਕਤਾ ਉਗਰਾਹਾਂ ਲੇਹਲ ਖੁਰਦ ਇਕਾਈ ਪ੍ਰਧਾਨ ਹਰਸੇਵਕ ਸਿੰੰਘ ਤੇ ਜਗਦੀਪ ਸਿੰਘ ਦੀ ਅਗਵਾਈ ’ਚ ਕਿਸਾਨਾਂ ਵੱਲੋਂ ਪਿੰਡ ਅੰਦਰ ਪਹੁੰਚੇ ਅਕਾਲੀ ਦਲ ਦੇ ਉਮੀਦਵਾਰ ਗੋਬਿੰਦ ਸਿੰਘ ਲੌਂਗੋਵਾਲ ਨੂੰ ਖੇਤੀ ਸਬੰਧੀ ਕਾਨੂੰਨਾਂ ਬਾਰੇ ਸਵਾਲ ਪੁੱਛਕੇ ਘੇਰਿਆ ਗਿਆ ਪਰ ਲੌਂਗੋਵਾਲ ਨੇ ਜਵਾਬ ਦੇਣ ਦੀ ਬਜਾਇ ਉਨ੍ਹਾਂ ਨੂੰ ਕਿਹਾ ਕਿ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਅਜਿਹੇ ਸਵਾਲ ਨਾ ਪੁੱਛਣ ਬਾਰੇ ਕਿਹਾ ਸੀ ਅਤੇ ਉਹ ਸਿਰਫ਼ ਵੋਟਰਾਂ ਨੂੰ ਬੇਨਤੀਆਂ ਕਰਨ ਆਏ ਹਨ। ਇਸ ਮੌਕੇ ਗੋਬਿੰਦ ਲੌਂਗੋਵਾਲ ਨੂੰ ਸਵਾਲ ਕਰਦਿਆਂ ਕਾਰਕੁਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਉਨ੍ਹਾਂ ਕੋਈ ਸਕੂਲ ਕਾਲਜ ਕਿਉਂ ਨਹੀਂ ਖੋਲ੍ਹਿਆ ਤਾਂ ਉਨ੍ਹਾਂ ਕਿਹਾ ਕਿ ਹਲਕੇ ’ਚ ਆ ਕੇ ਕਾਲਜ ਪਹਿਲ ਦੇ ਆਧਾਰ ’ਤੇ ਖੋਲ੍ਹਿਆ ਜਾਵੇਗਾ। ਉਨ੍ਹਾਂ ਨਸ਼ਿਆਂ ਦੇ ਸਵਾਲ ਦਾ ਜਵਾਬ ਸਪੱਸ਼ਟ ਦੇਣ ਦੀ ਬਜਾਇ ਇਸਨੂੰ ਮੁਹਿੰਮ ਚਲਾ ਕੇ ਖਤਮ ਕਰਨ ਅਤੇ ਸਿਆਸੀ ਮੁੱਦੇ ਬਣਾਉਣ ਦੀ ਗੱਲ ਆਖਕੇ ਖਹਿੜਾ ਛੁਡਵਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਪੁੱਛੇ ਇੱਕ ਸਵਾਲ ਦੇ ਜੁਆਬ ’ਚ ਉਨ੍ਹਾਂ ਕਿਹਾ ਕਿ ਇਸ ਲਈ ਏਜੰਸੀਆਂ ਜ਼ਿੰਮੇਵਾਰ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਸਰਕਾਰ ਬਣਨ ’ਤੇ ਬੇਰੁਜ਼ਗਾਰੀ, ਬੇਅਦਬੀ, ਰਿਸ਼ਵਤ, ਰੇਤ ਮਾਫੀਆ ਅਤੇ ਲੋਕਾਂ ਦੇ ਸਾਰੇ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕੀਤੇ ਜਾਣਗੇ।