ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 14 ਜੂਨ
ਭਾਜਪਾ ਯੁਵਾ ਮੋਰਚਾ ਵਲੋਂ ਸ਼ਹਿਰ ਵਿਚ ਮੋਟਰਸਾਈਕਲ ਰੈਲੀ ਕੱਢੀ ਗਈ। ਰੈਲੀ ਵਿਚ ਭਾਜਪਾ ਯੁਵਾ ਮੋਰਚਾ ਪੰਜਾਬ ਦੇ ਪ੍ਰਧਾਨ ਭਾਨੂੰ ਪ੍ਰਤਾਪ ਰਾਣਾ, ਭਾਜਪਾ ਦੇ ਲੋਕ ਸਭਾ ਚੋਣ ਇੰਚਾਰਜ ਰਾਣਾ ਗੁਰਮੀਤ ਸਿੰਘ ਸੋਢੀ, ਸੂਬਾ ਪ੍ਰੈਸ ਸਕੱਤਰ ਸੁਨੀਲ ਸਿੰਗਲਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਉਲ ਅਤੇ ਜਨਰਲ ਸਕੱਤਰ ਪ੍ਰਦੀਪ ਗਰਗ ਨੇ ਵੀ ਸ਼ਮੂਲੀਅਤ ਕੀਤੀ। ਸਥਾਨਕ ਬਨਾਸਰ ਬਾਗ ’ਚੋਂ ਭਾਜਪਾ ਯੁਵਾ ਮੋਰਚਾ ਸੰਗਰੂਰ-1 ਦੇ ਪ੍ਰਧਾਨ ਨਵਦੀਪ ਸਿੰਘ ਅਤੇ ਸੰਗਰੂਰ-2 ਦੇ ਪ੍ਰਧਾਨ ਅਮ੍ਰਿਤ ਰਾਜ ਚੱਠਾ ਦੀ ਅਗਵਾਈ ਹੇਠ ਕੱਢੀ ਮੋਟਰਸਾਈਕਲ ਰੈਲੀ ਨੂੰ ਭਾਜਪਾ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਮੰਨੋਰੰਜਨ ਕਾਲੀਆ ਵੱਲੋਂ ਹਰੀ ਝੰਡੀ ਵਿਖਾਈ। ਇਸ ਮੌਕੇ ਮੰਨੋਰੰਜਨ ਕਾਲੀਆ ਅਤੇ ਭਾਨੂੰ ਪ੍ਰਤਾਪ ਰਾਣਾ ਨੇ ਕਿਹਾ ਕਿ ਮੋਟਰਸਾਈਕਲ ਰੈਲੀ ਕੱਢਣ ਦਾ ਮੰਤਵ ਜਿਥੇ ਪਾਰਟੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਹੈ ਉਥੇ ਇਸ ਦਾ ਇਹ ਵੀ ਮੰਤਵ ਹੈ ਕਿ ਲੋਕ ਸਭਾ ਹਲਕਾ ਸੰਗਰੂਰ ਦਾ ਨੌਜਵਾਨ ਵਰਗ ਪੂਰੀ ਤਰ੍ਹਾਂ ਭਾਜਪਾ ਨਾਲ ਜੁੜ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੀ ਯੂਥ ਦੇ ਪ੍ਰਤੀ ਆਪਣੀ ਸਕਰਾਤਮਕ ਸੋਚ ਨੂੰ ਅੱਗੇ ਵਧਾਉਣ ਲਈ ਪੰਜਾਬ ਦੇ ਯੂਥ ਨੂੰ ਅੱਗੇ ਆ ਕੇ ਭਾਜਪਾ ਦੇ ਮੋਢੇ ਨਾਲ ਮੋਢਾ ਲਗਾ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਵੀਂ ਬਣੀ ‘ਆਪ’ ਸਰਕਾਰ ਅਮਨ ਸ਼ਾਤੀ ਬਹਾਲ ਰੱਖਣ ਵਿੱਚ ਬੁਰੀ ਤਰ੍ਹਾਂ ਨਾਕਾਮ ਹੋਈ ਹੈ। ਇਹ ਮੋਟਰਸਾਈਕਲ ਰੈਲੀ ਬਨਾਸਰ ਬਾਗ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਾਜ਼ਾਰਾਂ ’ਚੋ ਹੁੰਦੀ ਹੋਈ ਪਾਰਟੀ ਦੇ ਚੋਣ ਦਫ਼ਤਰ ਪੁੱਜ ਕੇ ਸਮਾਪਤ ਹੋਈ। ਇਸ ਮੌਕੇ ਰੋਮੀ ਗੋਇਲ ਮੰਡਲ ਪ੍ਰਧਾਨ ਸੰਗਰੂਰ, ਵਿਨੋਦ ਗੁਪਤਾ, ਜਗਦੀਪ ਤੂਰ ਜਨਰਲ ਸਕੱਤਰ ਵੀ ਮੌਜੂਦ ਸਨ।