ਟ੍ਰਿਬਿਊਨ ਨਿਊਜ਼ ਸਰਵਿਸ
ਧੂਰੀ, 8 ਜੂਨ
ਲੋਕ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਉਨ੍ਹਾਂ ਦੇ ਪੁੱਤਰ ਇਮਾਨ ਸਿੰਘ ਮਾਨ ਵੱਲੋਂ ਪਿੰਡਾਂ ਦੇ ਸ਼ਹਿਰਾਂ ਵਿੱਚ ਮੀਟਿੰਗਾਂ ਕੀਤੀਆਂ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਪੈਗੰਬਰ ਮੁਹੰਮਦ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕਰ ਕੇ ਭਾਜਪਾ ਦੇ ਆਗੂ ਦੇਸ਼ ਦਾ ਮਾਹੌਲ ਖ਼ਰਾਬ ਕਰਨ ਦੇ ਨਾਲ-ਨਾਲ ਦੇਸ਼ ਦੀਆਂ ਘੱਟ ਗਿਣਤੀ ਕੌਮਾਂ ਲਈ ਖ਼ਤਰਾ ਪੈਦਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਹਰ ਇੱਕ ਧਰਮ ਦਾ ਸਤਿਕਾਰ ਹੁੰਦਾ ਹੈ ਪਰ ਭਾਜਪਾ ਦੀ ਆਗੂ ਨੂਪੁਰ ਸ਼ਰਮਾ ਵੱਲੋਂ ਪੈਗ਼ੰਬਰ ਮੁਹੰਮਦ ਦੇ ਵਿਰੁੱਧ ਇਤਰਾਜ਼ਯੋਗ ਟਿੱਪਣੀਆਂ ਕਰ ਕੇ ਦੇਸ਼ ਦੇ ਸ਼ਾਂਤੀ ਵਾਲੇ ਮਾਹੌਲ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਸ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਇਸ ਤੋਂ ਪਹਿਲਾਂ ‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਵੀ ਇਤਰਾਜ਼ਯੋਗ ਟਿੱਪਣੀਆਂ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਤਾਜ਼ਾ ਹਾਲਾਤ ਪੰਜਾਬ ਲਈ ਠੀਕ ਨਹੀਂ, ਪੰਜਾਬ ਸਰਕਾਰ ਵਿੱਚ ਗੈਂਗਸਟਰ ਰਾਜ ਕਰਨ ਲੱਗੇ ਹਨ ਜਿਸ ਕਾਰਨ ਪੰਜਾਬ ਦੇ ਆਮ ਲੋਕ ਤੇ ਵਪਾਰੀ ਸਹਿਮ ਵਿੱਚ ਹਨ। ਉਨ੍ਹਾਂ ਕਿਹਾ ਇਸ ਜ਼ਿਮਨੀ ਚੋਣ ਵਿੱਚ ਸੰਗਰੂਰ ਦੇ ਲੋਕ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਉਣਗੇ। ਉਨ੍ਹਾਂ ਕਿਹਾ ਕਿ ਮਾਨ ਜਿੱਤਣ ਤੋਂ ਬਾਅਦ ਸਭ ਤੋਂ ਪਹਿਲਾਂ ਕੰਮ ਘੱਗਰ ਨਦੀ ਦਾ ਮਸਲਾ ਹੱਲ ਕਰਨਗੇ। ਇਸ ਮੌਕੇ ਉੱਪਰ ਹਰਬੰਸ ਸਿੰਘ ਸਲੇਮਪੁਰ ਤੇ ਅੰਮ੍ਰਿਤ ਪਾਲ ਸਿੰਘ ਛੰਦੜਾਂ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ।