ਹੁਸ਼ਿਆਰ ਸਿੰਘ
ਮਾਲੇਰਕੋਟਲਾ, 20 ਦਸੰਬਰ
ਸ਼੍ਰੋਮਣੀ ਅਕਾਲੀ ਦਲ ਹਲਕਾ ਮਾਲੇਰਕੋਟਲਾ ਦੇ ਇੰਚਾਰਜ ਮੁਹੰਮਦ ਓਵੈਸ ਦੇ ਵੱਲੋਂ ਮੁਹੰਮਦ ਸ਼ਫੀਕ ਚੌਹਾਨ ਤੇ ਮੁਹੰਮਦ ਯੂਨਸ ਨੇ ਭਾਜਪਾ ਆਗੂਆਂ ਵੱਲੋਂ ਕਿਸਾਨਾਂ ਨੂੰ ਖ਼ਾਲਿਸਤਾਨੀ/ਨਕਸਲਵਾਦੀ ਕਹਿਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਜਿਹਾ ਕਹਿਣਾ ਦੇਸ਼ ਦੇ ਅੰਨਦਾਤਾ ਦਾ ਅਪਮਾਨ ਕਰਨਾ ਹੈ। ਭਾਜਪਾ ਆਗੂ ਤੇ ਮੰਤਰੀ ਅਜਿਹੇ ਬਿਆਨ ਦੇ ਕੇ ਕਿਸਾਨ ਸੰਘਰਸ਼ ਨੂੰ ਬਦਨਾਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਮਾਰੂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਹੈ ਤੇ ਇਹ ਅਦੋਲਨ ਗ਼ੈਰਸਿਆਸੀ ਅਤੇ ਗ਼ੈਰਹਿੰਸਕ ਹੈ। ਸਭ ਵਰਗਾਂ ਦੇ ਲੋਕ ਇਸ ਅੰਦੋਲਨ ਵਿੱਚ ਸ਼ਮੂਲੀਅਤ ਕਰ ਰਹੇ ਹਨ ਅਤੇ ਕਿਸਾਨਾਂ-ਮਜ਼ਦੂਰਾਂ ਦੀਆਂ ਔਰਤਾਂ ਬੱਚੇ ਅਤੇ ਬਜ਼ੂਰਗ ਵੀ ਭਾਗ ਲੈ ਰਹੇ ਹਨ।ਇਸ ਅੰਦੋਲਨ ਨੂੰ ਕਿਸੇ ਧਰਮ ਨਾਲ ਜੋੜ ਕੇ ਦੇਖਣਾ ਵੀ ਗ਼ਲਤ ਹੈ। ਉਨ੍ਹਾਂ ਅੰਦੋਲਨਕਾਰੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੇਂਦਰ ਦੀ ਭਾਜਪਾ ਸਰਕਾਰ ਅਤੇ ਆਗੂਆਂ ਦੀਆਂ ਭੜਕਾਹਟ ਭਰੀਆਂ ਹਰਕਤਾਂ ਦੇ ਬਾਵਜੂਦ ਅੰਦੋਲਨ ਨੂੰ ਸ਼ਾਂਤਮਈ ਰੱਖਦੇ ਹੋਏ ਭਾਜਪਾ ਦੀਆਂ ਅੰਦੋਲਨ ਨੂੰ ਬਦਨਾਮ ਅਤੇ ਫੇਲ੍ਹ ਕਰਨ ਦੀਆਂ ਚਾਲਾਂ ਨੂੰ ਕਾਮਯਾਬ ਨਾ ਹੋਣ ਦੇਣ।