ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 13 ਜੂਨ
ਪੰਜਾਬ ’ਚ ਦਿਨੋਂ-ਦਿਨ ਵਿਗੜ ਰਹੀ ਅਮਨ-ਕਾਨੂੰਨ ਦੀ ਹਾਲਤ ਦੇ ਵਿਰੋਧ ਵਿੱਚ ਪੰਜਾਬ ਭਾਜਪਾ ਦੇ ਸੱਦੇ ’ਤੇ ਭਾਰਤੀ ਜਨਤਾ ਪਾਰਟੀ ਦੀ ਜ਼ਿਲ੍ਹਾ ਮਾਲੇਰਕੋਟਲਾ ਇਕਾਈ ਨੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਨੇੜਲੇ ਚੌਕ ਵਿੱਚ ਜਗਤ ਕਥੂਰੀਆ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫ਼ੂਕਿਆ।
ਇਸ ਮੌਕੇ ਜਗਤ ਕਥੂਰੀਆਂ, ਬਿੰਦੂ ਰਾਮ ਸਿੰਗਲਾ, ਅੰਕੂ ਜ਼ਖ਼ਮੀ ਅਤੇ ਮਦਨ ਮਦਹੋਸ਼ ਨੇ ਪੰਜਾਬ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਨੂੰ ਨਖਿੱਧ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ’ਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ, ਸੂਬੇ ’ਚ ਅਮਨ ਕਾਨੂੰਨ ਦੀ ਸਥਿਤੀ ਦਿਨੋਂ-ਦਿਨ ਵਿਗੜ ਰਹੀ ਹੈ ਅਤੇ ਦਿਨ ਦਿਹਾੜੇ ਕਤਲ ਹੋ ਰਹੇ ਹਨ। ਆਗੂਆਂ ਕਿਹਾ ਕਿ ਝੂਠੇ ਵਾਅਦੇ ਕਰਕੇ ਸੱਤਾ ’ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਬਿਜਲੀ, ਪਾਣੀ, ਸਿੱਖਿਆ ਅਤੇ ਸਿਹਤ ਸੇਵਾਵਾਂ ਸਸਤੀਆਂ ਕਰਨ ਦੀ ਬਜਾਏ ਸ਼ਰਾਬ ਸਸਤੀ ਕਰਕੇ ਪਹਿਲਾਂ ਹੀ ਨਸ਼ੇ ’ਚ ਡੁੱਬੇ ਪੰਜਾਬ ਨੂੰ ਹੋਰ ਨਸ਼ਿਆਂ ਵੱਲ ਧੱਕ ਰਹੀ ਹੈ। ਪੰਜਾਬ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਵਾਲਿਆਂ ਖ਼ਿਲਾਫ਼ ਪਰਚੇ ਦਰਜ ਕੀਤੇ ਜਾ ਰਹੇ ਹਨ, ਭ੍ਰਿਸ਼ਟਾਚਾਰ ਜ਼ੋਰਾਂ ’ਤੇ ਹੈ।
ਰਾਜਪੁਰਾ (ਪੱਤਰ ਪ੍ਰੇਰਕ): ਭਾਰਤੀ ਜਨਤਾ ਪਾਰਟੀ ਵੱਲੋਂ ਦਿੱਤੇ ਗਏ ਸੱਦੇ ’ਤੇ ਪਾਰਟੀ ਆਗੂਆਂ ਜ਼ਿਲ੍ਹਾ ਪ੍ਰਧਾਨ ਵਿਕਾਸ਼ ਸ਼ਰਮਾ ਵਿੱਕੀ, ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ, ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਅਤੇ ਜ਼ਿਲ੍ਹਾ ਆਗੂ ਪ੍ਰਦੀਪ ਸਿੰਘ ਨੰਦਾ ਦੀ ਅਗਵਾਈ ਵਿੱਚ ਪਾਰਟੀ ਵਰਕਰਾਂ ਵੱਲੋਂ ਟਾਹਲੀ ਵਾਲਾ ਚੌਕ ਵਿੱਚ ਪੰਜਾਬ ਵਿੱਚ ਅਮਨ-ਕਾਨੂੰਨ ਦੇ ਵਿਗੜ ਰਹੇ ਹਾਲਾਤ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾਂ ਪੁਤਲਾ ਸਾੜਿਆ ਗਿਆ। ਇਸ ਮੌਕੇ ਗੌਰਵ ਗੋਤਮ, ਸੰਜੀਵ ਮਿੱਤਲ, ਭੁਪਿੰਦਰ ਸਿੰਘ ਗੋਲੂ, ਗੋਲਡੀ ਸ਼ਰਮਾਂ ਅਤੇ ਸੁਰਿੰਦਰ ਸਿੰਘ ਘੁੰਮਾਣਾ ਸਮੇਤ ਹੋਰ ਮੌਜੂਦ ਸਨ।
ਸਮਾਣਾ (ਪੱਤਰ ਪ੍ਰੇਰਕ): ਭਾਜਪਾ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਬਲਵਿੰਦਰ ਸਿੰਘ ਤੇ ਭਾਜਪਾ ਜ਼ਿਲ੍ਹਾ ਦੱਖਣੀ ਪ੍ਰਧਾਨ ਵਿਨੋਦ ਸਿੰਗਲਾ ਦੀ ਅਗਵਾਈ ਹੇਠ ਅੰਬੇਦਕਰ ਚੌਕ ਵਿੱਚ ਪੰਜਾਬ ਵਿੱਚ ਅਮਨ-ਕਨੂੰਨ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਬੁਲਾਰਿਆਂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਵਿੱਚ ਦਿਨ ਪ੍ਰਤੀ ਦਿਨ ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ ਜਿਸ ਕਾਰਨ ਰੋਜ਼ਾਨਾ ਅਣਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਹਨ। ਭਾਜਪਾ ਆਗੂਆਂ ਨੇ ਕੇਂਦਰ ਸਰਕਾਰ ਤੋਂ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਗਾ ਕੇ ਫੌਜ ਤਾਇਨਾਤ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਸੁਰੇਸ਼ ਸਿੰਗਲਾ (ਭੋਲਾ), ਗਿਰਧਾਰੀ ਲਾਲ, ਪਰਵੀਨ ਕਾਹਨਗੜ੍ਹ, ਲਾਲ ਚੰਦ ਲਾਲੀ ਪਾਤੜਾਂ, ਸ਼ਕਤੀ ਗੋਇਲ ਘੱਗਾ, ਪੰਕਜ ਸ਼ਰਮਾ, ਪ੍ਰਵੇਸ਼ ਕੁਮਾਰ, ਰਣਜੀਤ ਬੱਬੀ ਡਕਾਲਾ, ਦਲਜੀਤ ਬਜਾਜ, ਰਜੇਸ਼ ਮੋਦਗਿੱਲ, ਸੰਜੀਵ ਕੋਸ਼ਿਕ,ਸੀਤਾ ਰਾਮ ਸਾਖਲਾ ਅਤੇ ਓਬੀਸੀ ਮੋਰਚਾ ਜ਼ਿਲ੍ਹਾ ਪ੍ਰਧਾਨ ਅਨਿਲ ਤਲਵਾਰ ਮੌਜੂਦ ਸਨ।