ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 26 ਅਗਸਤ
ਜਮਾਤ-ਏ-ਇਸਲਾਮੀ ਹਿੰਦ, ਇਸਤਰੀ ਜਾਗ੍ਰਤੀ ਮੰਚ ਅਤੇ ਸਟੂਡੈਂਟਸ ਇਸਲਾਮਿਕ ਆਰਗੇਨਾਈਜ਼ੇਸ਼ਨ ਨੇ ਬਿਲਕੀਸ ਬਾਨੋ ਜਬਰ ਜਨਾਹ ਤੇ ਕਤਲ ਕੇਸ ਦੇ 11 ਦੋਸ਼ੀਆਂ ਨੂੰ ਜੇਲ੍ਹ ’ਚੋਂ ਰਿਹਾਅ ਕਰਨ ਖ਼ਿਲਾਫ਼ ਅੱਜ ਇੱਥੇ ਸਰਹਿੰਦੀ ਦਰਵਾਜ਼ੇ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਮਗਰੋਂ ਦੇਸ਼ ਦੇ ਰਾਸਟਰਪਤੀ ਦੇ ਨਾਂ ਐਸਡੀਐੱਮ ਮਾਲੇਰਕੋਟਲਾ ਰਾਹੀਂ ਮੰਗ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਬਿਲਕੀਸ ਬਾਨੋ ਕੇਸ ਦੇ ਦੋਸ਼ੀਆਂ ਨੂੰ ਮੁੜ ਜੇਲ੍ਹਾਂ ਅੰਦਰ ਡੱਕਿਆ ਜਾਵੇ।
ਇਸ ਮੌਕੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਬਿਲਕੀਸ ਬਾਨੋ ਕੇਸ ਦੇ ਦੋਸ਼ੀਆਂ ਨੂੰ ਰਿਹਾਅ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਦੇਸ਼ ਅੰਦਰ ਘੱਟ ਗਿਣਤੀਆਂ ਨਾਲ ਹਰ ਪੱਧਰ ’ਤੇ ਵਿਤਕਰਾ ਹੋ ਰਿਹਾ ਹੈ। ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਇੱਕ ਮੰਚ ’ਤੇ ਇਕੱਤਰ ਹੋਣ ਦੀ ਜ਼ਰੂਰਤ ਹੈ। ਜਮਾਤ-ਏ-ਇਸਲਾਮੀ ਹਿੰਦ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਬਦੁਸ਼ ਸ਼ਕੂਰ, ਮਾਲੇਰਕੋਟਲਾ ਇਕਾਈ ਦੇ ਆਗੂ ਡਾ. ਮੁਹੰਮਦ ਇਰਸ਼ਾਦ, ਜਮਾਤ ਦੀ ਮਹਿਲਾ ਵਿੰਗ ਦੀ ਪ੍ਰਧਾਨ ਸ਼ਗੂਫ਼ਤਾ ਯਾਵਰ, ਇਸਤਰੀ ਜਾਗ੍ਰਤੀ ਮੰਚ ਦੀ ਆਗੂ ਅਮਨਦੀਪ ਦਿਓਲ ਨੇ ਕਿਹਾ ਕਿ ਬਿਲਕੀਸ ਬਾਨੋ ਕੇਸ ਦੇ ਕਾਤਲਾਂ ਤੇ ਜਬਰ ਜਨਾਹ ਦੇ ਅਪਰਾਧੀਆਂ ਨੂੰ ਗੁਜਰਾਤ ਸਰਕਾਰ ਵੱਲੋਂ ਮੁਆਫ਼ੀ ਦੇ ਕੇ ਰਿਹਾਅ ਕਰਨਾ ਦੇਸ਼ ਦੇ ਮੱਥੇ ’ਤੇ ਕਲੰਕ ਹੈ। ਦੇਸ਼ ਵਿੱਚ ਇੱਕ ਪਾਸੇ ਆਪਣੀ ਸਜ਼ਾ ਤੋਂ ਦੁੱਗਣੀ ਸਜ਼ਾ ਕੱਟ ਚੁੱਕੇ ਬੰਦੀ ਸਿੰਘਾਂ ਤੇ ਜਨਤਕ ਘੋਲਾਂ ’ਚ ਨਿੱਤਰੇ ਵਿਦਿਆਰਥੀ ਆਗੂਆਂ, ਮਨੁੱਖੀ ਹੱਕਾਂ ਦੇ ਕਾਰਕੁਨਾਂ, ਬੁੱਧੀਜੀਵੀਆਂ ਤੇ ਮਹਿਲਾ ਕਾਰਕੁਨਾਂ ਨੂੰ ਕਾਲੇ ਕਾਨੂੰਨਾਂ ਤਹਿਤ ਜੇਲ੍ਹਾਂ ’ਚ ਬੰਦ ਰੱਖਿਆ ਹੋਇਆ ਹੈ ਤੇ ਦੁਜੇ ਪਾਸੇ ਬਲਾਤਕਾਰੀਆਂ ਤੇ ਹੱਤਿਆਰਿਆਂ ਨੂੰ ਰਿਹਾਅ ਕੀਤਾ ਜਾ ਰਿਹਾ ਹੈ। ਇਸ ਮੌਕੇ ਇੰਟਰਨੈਸ਼ਨਲ ਡੈਮੋਕਰੈਟਿਕ ਪਾਰਟੀ ਦੇ ਆਗੂ ਤਰਲੋਚਨ ਸਿੰਘ, ਬੀਕੇਯੂ (ਉਗਰਾਹਾਂ) ਦੇ ਕੁਲਵਿੰਦਰ ਸਿੰਘ ਭੂਦਨ, ਬੀਕੇਯੂ (ਡਕੌਂਦਾ) ਦੇ ਅਮਰਜੀਤ ਸਿੰਘ ਰੋਹਣੋ, ਜੁਆਇੰਟ ਐਕਸ਼ਨ ਕਮੇਟੀ ਦੇ ਮੁਕੱਰਮ ਸੈਫ਼ੀ, ਫਰਿਆਲ ਰਹਿਮਾਨ, ਕਰਮਦੀਨ ਮਲਿਕ, ਮੁਹੰਮਦ ਨਜ਼ੀਰ, ਗੁਰਮੇਲ ਕੌਰ ਨੇ ਵੀ ਸੰਬੋਧਨ ਕੀਤਾ। ਇਸ ਉਪਰੰਤ ਆਗੂਆਂ ਨੇ ਐੱਸਡੀਐੱਮ ਨੂੰ ਮੰਗ ਪੱਤਰ ਸੌਂਪਿਆ।
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਵਿਦਿਆਰਥਣਾਂ ਵੱਲੋਂ ਸਰਕਾਰੀ ਰਣਬੀਰ ਕਾਲਜ ’ਚ ਬਿਲਕਿਸ ਬਾਨੋ ਜਬਰ ਜਨਾਹ ਤੇ ਕਤਲ ਕੇਸ ਦੇ ਦੋਸ਼ੀਆਂ ਦੀ ਰਿਹਾਈ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਦੋਸ਼ੀਆਂ ਨੂੰ ਮੁੜ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ। ਪੰਜਾਬ ਸਟੂਡੈਂਟਸ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਕੌਰ ਜੱਸੂ ਨੇ ਕਿਹਾ ਕਿ ਗੁਜਰਾਤ ਦੇ ਗੋਧਰਾ ਵਿਚ ਹੋਏ ਦੰਗੇ ਇੱਕ ਯੋਜਨਾਬੱਧ ਤਰੀਕੇ ਨਾਲ ਕੀਤੇ ਗਏ। ਇਨ੍ਹਾਂ ਦੰਗਿਆਂ ’ਚ ਬਿਲਕਿਸ ਬਾਨੋ ਨਾਲ ਜਬਰ ਜਨਾਹ ਹੋਇਆ ਅਤੇ ਉਸ ਦੇ ਪਰਿਵਾਰ ਦੇ ਸੱਤ ਮੈਂਬਰਾਂ ਦਾ ਕਤਲ ਕੀਤਾ ਗਿਆ। ਇਸ ਕੇਸ ਵਿਚ 11 ਦੋਸ਼ੀਆਂ ਨੂੰ ਅਦਾਲਤ ਵੱਲੋਂ ਸਜ਼ਾ ਹੋਈ ਜਿਨ੍ਹਾਂ ਨੂੰ ਆਜ਼ਾਦੀ ਦਿਵਸ ਮੌਕੇ ਰਿਹਾਅ ਕਰ ਦਿੱਤਾ ਗਿਆ ਜਿਸ ਨਾਲ ਭਾਜਪਾ ਦਾ ਔਰਤ ਵਿਰੋਧੀ ਅਤੇ ਘੱਟ ਗਿਣਤੀਆਂ ਦੀ ਨਫਰਤ ਨਾਲ ਭਰਿਆ ਪਿਆ ਚਿਹਰਾ ਪੂਰੀ ਤਰ੍ਹਾਂ ਨੰਗਾ ਹੋ ਗਿਆ ਹੈ। ਵਿਦਿਆਰਥੀ ਆਗੂਆਂ ਨੇ ਕੇਂਦਰ ਸਰਕਾਰ ਦੇ ਫਾਸ਼ੀ ਹੱਲਿਆਂ ਵਿਰੁੱਧ ਸੰਘਰਸ਼ ਤਿੱਖਾ ਕਰਨ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਰਣਜੀਤ ਕੌਰ ਮਹਿਮੂਦਪੁਰ, ਮਨਜੀਤ ਕੌਰ ਅਲਾਚੌਰ, ਹਰਬੰਸ ਕੌਰ, ਸੁਖਵਿੰਦਰ ਕੌਰ, ਬਲਜੀਤ ਕੌਰ, ਨਿਸ਼ਾ, ਅੰਜਲੀ ਅਤੇ ਕਮਲ ਵੀ ਮੌਜੂਦ ਸਨ।