ਰਮੇਸ਼ ਭਾਰਦਵਾਜ
ਲਹਿਰਾਗਾਗਾ, 4 ਮਈ
ਪਿੰਡ ਜਲੂਰ ਵਿੱਚ ਅੱਜ ਪੰਚਾਇਤੀ ਜ਼ਮੀਨ ਅਤੇ ਰਿਜ਼ਰਵ ਕੋਟੇ ਦੀ ਬੋਲੀ ਸੀ ਪਰ ਬੀਡੀਪੀਓ ਕਵਿਤਾ ਗਰਗ ਨੇ ਦੱਸਿਆ ਕਿ ਬੋਲੀ ਦੇਣ ਲਈ ਕੋਈ ਵੀ ਵਿਅਕਤੀ ਅੱਗੇ ਨਾ ਆਉਣ ਕਰਕੇ ਜ਼ਮੀਨ ਦੀ ਬੋਲੀ ਮੁੜ ਕਰਵਾਈ ਜਾਵੇਗੀ। ਉਧਰ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਇਕਾਈ ਜਲੂਰ ਦੇ ਸੱਦੇ ’ਤੇ ਐਸ/ਸੀ ਭਾਈਚਾਰਾ ਵੱਡੀ ਗਿਣਤੀ ਵਿਚ ਇਕੱਠਾ ਹੋ ਕੇ ਬੋਲੀ ਵਾਲੇ ਸਥਾਨ ’ਤੇ ਪੁੱਜਿਆ ਅਤੇ ਪੰਚਾਇਤੀ ਜ਼ਮੀਨ ਦੇ ਰਿਜ਼ਰਵ ਕੋਟੇ ਨੂੰ ਪੰਚਾਇਤੀ ਐਕਟ ਤਹਿਤ ਤਿੰਨ ਸਾਲਾਂ ਲਈ ਲੀਜ਼ ’ਤੇ ਲੈਣ ਲਈ ਮੰਗ ਕੀਤੀ। ਬੀਡੀਪੀਓ ਅਨੁਸਾਰ ਇਸ ਸਬੰਧੀ ਫੈਸਲਾ ਪੰਚਾਇਤ ਨੇ ਕਰਨਾ ਹੁੰਦਾ ਹੈ ਅਤੇ ਉਹ ਫੈਸਲੇ ਬਾਰੇ ਉੱਚ ਅਧਿਕਾਰੀਆਂ ਨੂੰ ਲਿਖਤੀ ਭੇਜ ਸਕਦੇ ਹਨ।
ਇਸ ਮੌਕੇ ਆਗੂ ਗੁਰਦਾਸ ਸਿੰਘ, ਮੱਖਣ ਸਿੰਘ, ਸੱਤਪਾਲ ਸਿੰਘ ਬਬਲਾ ਆਦਿ ਨੇ ਦੱਸਿਆ ਕਿ ਪੰਚਾਇਤੀ ਜ਼ਮੀਨ ਪੰਚਾਇਤੀ ਐਕਟ ਮੁਤਾਬਕ ਪ੍ਰਸ਼ਾਸਨ ਵੱਲੋਂ ਤਿੰਨ ਸਾਲਾਂ ਦੇ ਪਟੇ ਉਪਰ ਦੇਣ ਦੀ ਤਜਵੀਜ਼ ਹੈ ਅਤੇ ਇਸ ਤੋਂ ਪਹਿਲਾਂ ਵੀ ਸੰਗਰੂਰ ਜ਼ਿਲ੍ਹੇ ਦੇ ਪਿੰਡਾਂ ਵਿੱਚ ਇਸ ਤਹਿਤ ਤਿੰਨ ਸਾਲਾ ਲੀਜ਼ ਉਪਰ ਜ਼ਮੀਨ ਦਿੱਤੀ ਜਾ ਰਹੀ ਹੈ। ਆਗੂਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਵੀ ਡੀਡੀਪੀਓਜ਼ ਨੂੰ ਹਦਾਇਤ ਕੀਤੀ ਗਈ ਸੀ ਕਿ ਪੰਚਾਇਤੀ ਜ਼ਮੀਨ ਦੇ ਰਿਜ਼ਰਵ ਕੋਟੇ ਨੂੰ ਲੋਕਾਂ ਦੀ ਮੰਗ ਅਨੁਸਾਰ ਤਿੰਨ ਸਾਲਾਂ ਲਈ ਪਟੇ ’ਤੇ ਦਿੱਤਾ ਜਾਵੇ। ਆਗੂਆਂ ਨੇ ਕਿਹਾ ਕਿ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਵਾਉਣ ਲਈ 12 ਮਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ।
ਨਿਸ਼ਾਨਦੇਹੀ ਦੀ ਮੰਗ ਕਾਰਨ ਪੰਚਾਇਤੀ ਜ਼ਮੀਨ ਦੀ ਬੋਲੀ ਨੇਪਰੇ ਨਾ ਚੜ੍ਹੀ
ਲੌਂਗੋਵਾਲ (ਜਗਤਾਰ ਸਿੰਘ ਨਹਿਲ): ਪਿੰਡ ਦਿਆਲਗੜ੍ਹ ਵਿੱਚ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਨਿਸ਼ਾਨਦੇਹੀ ਦੀ ਮੰਗ ਨੂੰ ਲੈ ਕੇ ਇੱਕ ਵਾਰ ਫੇਰ ਮੁਲਤਵੀ ਕਰ ਦਿੱਤੀ ਗਈ ਹੈ। ਇਸ ਪੰਚਾਇਤੀ ਜ਼ਮੀਨ ਦੀ ਬੋਲੀ ਹੁਣ 13 ਮਈ ਨੂੰ ਹੋਵੇਗੀ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ ਨੇ ਕਿਹਾ ਕਿ ਉਹ ਆਪਣੇ ਹੱਕ ਦੀ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਮਿਣਤੀ ਕਰਵਾਉਣ, ਜ਼ਮੀਨ ’ਚ ਪਾਣੀ ਦਾ ਪ੍ਰਬੰਧ ਕਰਵਾਉਣ, ਬੋਲੀ ਘੱਟ ਰੇਟ ’ਤੇ ਕਰਵਾਉਣ ਅਤੇ ਇਹ ਬੋਲੀ ਖੇਤ ਮਜ਼ਦੂਰਾਂ ਦੀ ਧਰਮਸ਼ਾਲਾ ਵਿੱਚ ਕਰਵਾਉਣ ਦੀ ਮੰਗ ਕਰ ਰਹੇ ਹਨ ਪਰ ਪੰਚਾਇਤ ਨੇ ਇਨ੍ਹਾਂ ਮੰਗਾਂ ਨੂੰ ਪੂਰਾ ਨਹੀਂ ਕੀਤਾ। ਸੂਤਰਾਂ ਅਨੁਸਾਰ ਅੱਜ ਇਸ ਮੌਕੇ ਦੋ ਧਿਰਾਂ ਵਿੱਚ ਤਲਖ਼ ਕਲਾਮੀ ਵੀ ਹੋਈ। ਬੋਲੀ ਮੁਲਤਵੀ ਹੋਣ ਤੋਂ ਬਾਅਦ ਮਜ਼ਦੂਰਾਂ ਨੇ ਜੇਤੂ ਰੈਲੀ ਕੱਢੀ। ਇਸ ਮੌਕੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਇਲਾਕਾ ਆਗੂ ਪ੍ਰਭੂ ਸਿੰਘ, ਬਲਜਿੰਦਰ ਸਿੰਘ, ਕਰਮਜੀਤ ਕੌਰ ਅਤੇ ਅਮਰਜੀਤ ਕੌਰ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਖੇਤ ਮਜ਼ਦੂਰਾਂ ਨੂੰ ਘੱਟ ਰੇਟ ’ਤੇ ਸਾਂਝੇ ਤੌਰ ’ਤੇ ਮਿਲਣੀ ਚਾਹੀਦੀ ਹੈ।