ਬੀਰਬਲ ਰਿਸ਼ੀ
ਸ਼ੇਰਪੁਰ, 16 ਜੂਨ
ਲੋਕ ਸਭਾ ਹਲਕਾ ਸੰਗਰੂਰ ਤੋਂ ਅਕਾਲੀ-ਬਸਪਾ ਉਮੀਦਵਾਰ ਬੀਬੀ ਕਮਲਦੀਪ ਕੌਰ ਰਾਜੋਆਣਾ ਨੇ ਫੌਜ ਦੀਆਂ ਤਿੰਨ ਜੰਗਾਂ ਲੜ ਚੁੱਕੇ ਆਪਣੇ ਪਿਤਾ ਦੀ ਮੌਤ, ਵੱਡੀ ਭੈਣ ਅਤੇ ਭਰਾ ਨੂੰ ਮੌਤ ਦੇ ਘਾਟ ਉਤਾਰੇ ਜਾਣ ਸਮੇਤ ਆਪਣੇ ਉੱਜੜੇ ਘਰ ਦੀ ਭਾਵੁਕ ਦਾਸਤਾਂ ਸੁਣਾਉਂਦਿਆਂ ਹੁਣ ਲੋਕਾਂ ਨੂੰ ਫਾਂਸੀ ਦੇ ਤਖਤੇ ’ਤੇ ਖੜ੍ਹੇ ਉਸ ਦੇ ਭਰਾ ਬਲਵੰਤ ਸਿੰਘ ਰਾਜੋਆਣਾ ਸਮੇਤ ਹੋਰਨਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਵੋਟ ਪਰਚੀ ਰਾਹੀਂ ਹਾਅ ਦਾ ਨਾਅਰਾ ਮਾਰਨ ਦਾ ਵਾਸਤਾ ਪਾਇਆ। ਉਹ ਅੱਜ ਬਾਅਦ ਦੁਪਹਿਰ ਸ਼ੇਰਪੁਰ ਅਤੇ ਬਾਦਸ਼ਾਹਪੁਰ ਵਿਖੇ ਹੋਈਆਂ ਦੋ ਵੱਡੀਆਂ ਚੋਣ ਰੈਲੀਆਂ ’ਚ ਜੁੜੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਿੱਖਾਂ ’ਤੇ ਜੋ ਜ਼ੁਲਮ ਕੀਤਾ ਜਿਸ ਦਾ ਇਤਿਹਾਸ ਗਵਾਹ ਹੈ। ਕੇਂਦਰ ਸਰਕਾਰ ਕੋਲ 7 ਬੰਦੀ ਸਿੰਘਾਂ ਦੀ ਰਿਹਾਈ ਦੀ ਮਾਮਲਾ ਅਟਕਿਆ ਪਿਆ ਹੈ, ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਫਾਈਲ ਮੁੱਖ ਮੰਤਰੀ ਕੇਜਰੀਵਾਲ ਦੇ ਟੇਬਲ ’ਤੇ ਪਈ ਹੈ ਅਤੇ ਹੁਣ ਉਕਤ ਸਰਕਾਰਾਂ ਵੋਟ ਬੈਂਕ ਪ੍ਰਭਾਵਿਤ ਹੋਣ ਡਰੋਂ ਤਿੰਨ ਦਹਾਕੇ ਤੋਂ ਜੇਲ੍ਹਾਂ ਦੀਆਂ ਕਾਲ ਕੋਠੜੀਆਂ ’ਚ ਬੈਠੇ ਸਿੰਘਾਂ ਨੂੰ ਰਿਹਾਅ ਨਹੀਂ ਕਰ ਰਹੇ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਸਿਮਰਨਜੀਤ ਸਿੰਘ ਮਾਨ ਹੁਰਾਂ ਨੇ ਭਾਈ ਰਾਜੋਆਣਾ ਸਮੇਤ ਪੰਥਕ ਧਿਰਾਂ ਦੀ ਅਪੀਲ ਠੁਕਰਾ ਦਿੱਤੀ ਜਦੋਂ ਕਿ ਰਾਹੁਲ ਗਾਂਧੀ ਦੀ ਈਡੀ ਵੱਲੋਂ ਪੁੱਛਗਿੱਛ ਕਰਨ ਦਾ ਦਰਦ ਮਹਿਸੂਸ ਕੀਤਾ।