ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 1 ਫਰਵਰੀ
ਆਮ ਆਦਮੀ ਪਾਰਟੀ ਦੀ ਹਲਕਾ ਸੰਗਰੂਰ ਤੋਂ ਉਮੀਦਵਾਰ ਨਰਿੰਦਰ ਕੌਰ ਭਰਾਜ ਵੱਲੋਂ ਇਲਾਕੇ ਦੇ ਕਈ ਪਿੰਡਾਂ ਵਿੱਚ ਭਰਵੀਆਂ ਰੈਲੀਆਂ ਕੀਤੀਆਂ ਗਈਆਂ। ਨਰਿੰਦਰ ਕੌਰ ਭਰਾਜ ਨੇ ਪਿੰਡ ਰਾਮਪੁਰਾ, ਰੇਤਗੜ੍ਹ ਅਤੇ ਕਪਿਆਲ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ, ਅਕਾਲੀ ਅਤੇ ਭਾਜਪਾ ਵਾਲੇ ਆਪਸੀ ਗੰਢਤੁਪ ਕਰਕੇ ਪਿਛਲੇ 70 ਸਾਲਾਂ ਤੋਂ ਰਾਜ ਭਾਗ ’ਤੇ ਕਾਬਜ਼ ਹੋ ਕੇ ਲੋਕਾਂ ਦੀ ਲੁੱਟ-ਖਸੁੱਟ ਕਰਦੇ ਰਹੇ ਹਨ। ਇਨ੍ਹਾਂ ਪਾਰਟੀਆਂ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਦੀ ਆਮ ਜਨਤਾ ਗਰੀਬੀ, ਕਰਜ਼ੇ ਅਤੇ ਬੇਰੁਜ਼ਗਾਰੀ ਦੀ ਦਲਦਲ ਵਿੱਚ ਫਸ ਚੁੱਕੀ ਹੈ, ਜਦੋਂ ਕਿ ਰਾਜਨੀਤਕ ਆਗੂ ਮਾਲੋਮਾਲ ਹੋ ਗਏ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਜਾਵੇ।
ਚੰਦੂਮਾਜਰਾ ਵੱਲੋਂ ਚਲਹੇੜੀ ਵਿੱਚ ਚੋਣ ਲਾਮਬੰਦੀ ਮੀਟਿੰਗ
ਘਨੌਰ: ਘਨੌਰ ਤੋਂ ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਗੱਠਜੋੜ ਦਾ ਆਗੂਆਂ ਜਥੇਦਾਰ ਲਾਲ ਸਿੰਘ ਮਰਦਾਂਪੁਰ, ਸੁੱਚਾ ਸਿੰਘ ਅਲੀਮਾਜਰਾ, ਬਲਦੇਵ ਸਿੰਘ ਮਹਿਰਾ, ਮਨਜੀਤ ਸਿੰਘ ਘੁੰਮਾਣਾ ਅਤੇ ਸ਼ਰਨਜੀਤ ਸਿੰਘ ਜੋਗੀਪੁਰ ’ਤੇ ਅਧਾਰਤ ਆਗੂਆਂ ਦੀ ਟੀਮ ਨਾਲ ਪਿੰਡਾਂ ਵਿੱਚ ਚੋਣ ਮੀਟਿੰਗਾਂ ਕੀਤੀਆਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚ ਲੋਕਪੱਖੀ ਸਰਕਾਰ ਬਣਾਉਣ ਲਈ ਉਨ੍ਹਾਂ ਨੂੰ ਵੋਟ ਪਾਈ ਜਾਵੇ। -ਪੱਤਰ ਪ੍ਰੇਰਕ