ਹੁਸ਼ਿਆਰ ਸਿੰਘ ਰਾਣੰੂ
ਮਾਲੇਰਕੋਟਲਾ, 27 ਦਸੰਬਰ
ਸੈਂਟਰਲ ਕੋ-ਆਪਾਰੇਟਿਵ ਬੈਂਕ ਸੰਗਰੂਰ ਨਾਲ ਸਬੰਧਤ ਮਾਲੇਰਕੋਟਲਾ ਦੇ ਜ਼ੋਨ ਨੰਬਰ-7 ਦੀ ਚੋਣ ਦੌਰਾਨ ਕੋ-ਆਪਰੇਟਿਵ ਸੁਸਾਇਟੀ ਕੌਲਸੇੜੀ ਦੇ ਪ੍ਰਧਾਨ ਅਵਤਾਰ ਸਿੰਘ ਤਾਰੀ ਭੁੱਲਰਹੇੜੀ ਆਪਣੇ ਵਿਰੋਧੀ ਨੂੰ ਦੋ ਵੋਟਾਂ ਦੇ ਫ਼ਰਕ ਨਾਲ ਹਰਾ ਕੇ ਡਾਇਰੈਕਟਰ ਚੁਣੇ ਗਏ ਜਿਸਦੀ ਸਹਾਇਕ ਰਜਿਸਟਰਾਰ ਸੋਨੂੰ ਮਹਾਜਨ ਨੇ ਪੁਸ਼ਟੀ ਕੀਤੀ। ਇੱਥੇ ਏ ਆਰ ਸ੍ਰੀ ਸੋਨੂੰ ਮਹਾਜਨ ਦੀ ਦੇਖ-ਰੇਖ ਹੋਈ ਚੋਣ ਦੌਰਾਨ 14 ਕੋ-ਆਪਰੇਟਿਵ ਸੁਸਾਇਟੀਆਂ ਦੇ ਪ੍ਰਧਾਨਾਂ ਨੇ ਚੋਣ ਪ੍ਰਕਿਰਿਆ ਵਿੱਚ ਹਿੱਸਾ ਲਿਆ ਜਿਸ ਤਹਿਤ ਕੁੱਲ 14 ਵੋਟਾਂ ਵਿੱਚੋਂ ਅਵਤਾਰ ਸਿੰਘ ਤਾਰੀ ਭੁੱਲਰਹੇੜੀ ਨੂੰ 8 ਵੋਟ ਪਏ ਜਦੋਂ ਕਿ ਉਨ੍ਹਾਂ ਦੇ ਮੁਕਾਬਲੇ ’ਚ ਖੜ੍ਹੇ ਉਮੀਦਵਾਰ ਬਲਜੀਤ ਸਿੰਘ ਸੰਧੂ ਨੂੰ 6 ਵੋਟ ਪਏ। ਇਸ ਜਿੱਤ ਮਗਰੋਂ ਅਵਤਾਰ ਸਿੰਘ ਤਾਰੀ ਦੇ ਸਮਰਥਕ ਜੇਤੂ ਜਸ਼ਨ ਮਨਾਉਂਦੇ ਹੋਏ ਕੋਲਸੇੜੀ ਸੁਸਾਇਟੀ ਵੱਲ ਰਵਾਨਾ ਹੋਏ। ਜੇਤੂ ਜਸ਼ਨਾਂ ਮੌਕੇ ਬਲਾਕ ਪੰਚਾਇਤ ਯੂਨੀਅਨ ਦੇ ਸਾਬਕਾ ਪ੍ਰਧਾਨ ਸਰਬਜੀਤ ਸਿੰਘ ਅਲਾਲ, ਗੁਰਚਰਨ ਸਿੰਘ ਪ੍ਰਧਾਨ, ਦਰਸ਼ਨ ਸਿੰਘ ਪ੍ਰਧਾਨ, ਗੁਰਪ੍ਰੀਤ ਸਿੰਘ ਪ੍ਰਧਾਨ ਕੰਧਾਰਗੜ੍ਹ, ਜਗਸੀਰ ਸਿੰਘ ਈਸ਼ੜਾ, ਸ਼ੀਰਾ ਬਨਭੌਰਾ ਤੇ ਸਰਪੰਚ ਹਰਜੀਤ ਬਾਲੀਆਂ ਹਾਜ਼ਰ ਸਨ।