ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 1 ਮਾਰਚ
ਮਹਾਸ਼ਿਵਰਾਤਰੀ ਦਾ ਤਿਉਹਾਰ ਭਗਤਾਂ ਵੱਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸ਼ਿਵਰਾਤਰੀ ਮੌਕੇੇ ਸ਼ਹਿਰ ਦੇ ਸ਼ਿਵ ਮੰਦਰਾਂ ਵਿਚ ਵੱਡੀ ਤਾਦਾਦ ’ਚ ਭਗਤ ਨਤਮਸਤਕ ਹੋਏ। ਸ਼ਹਿਰ ਦੇ ਬਾਜ਼ਾਰਾਂ ਵਿੱਚ ਭਗਤਾਂ ਵੱਲੋਂ ਵੱਖ-ਵੱਖ ਲੰਗਰ ਲਗਾਏ ਗਏ। ਮੰਦਰਾਂ ਦੇ ਸਪੀਕਰਾਂ ਵਿੱਚ ਸ਼ਿਵ ਸ਼ੰਕਰ ਭੋਲੇ ਨਾਥ ਦੇ ਭਜਨ ਚੱਲ ਰਹੇ ਸਨ। ਇਲਾਕੇ ਦੇ ਰਣੀਕੇ ’ਚ ਸਥਿਤ ਪ੍ਰਸਿੱਧ ਸ਼ਿਵ ਪ੍ਰਾਚੀਨ ਮੰਦਿਰ ਵਿਖੇ ਸ਼ਿਵਰਾਤਰੀ ਮੌਕੇ ਹਜ਼ਾਰਾਂ ਦੀ ਤਾਦਾਦ ’ਚ ਭਗਤ ਪੁੱਜੇ।
ਸ਼ੇਰਪੁਰ/ਧੂਰੀ (ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ): ਵੱਖ-ਵੱਖ ਮੰਦਰਾਂ ’ਚ ਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਥੇ ਤਿੰਨ ਰੋਜ਼ਾ ਸ਼ਿਵਰਾਤਰੀ ਮੇਲੇ ਦੇ ਦੂਜੇ ਦਿਨ ਅੱਜ ਪ੍ਰਾਚੀਨ ਸ਼ਿਵ ਮੰਦਰ ਰਣੀਕੇ ਵਿੱਚ ਪਰਿਵਾਰ ਸਮੇਤ ਪੰਜਾਬ ਦੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ, ਟਰਾਈਡੈਂਟ ਗਰੁੱਪ ਦੇ ਐੱਮਡੀ ਰਾਜਿੰਦਰ ਗੁਪਤਾ ਤੇ ਹਲਕਾ ਧੂਰੀ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਸਮੇਤ ਕਈ ਵੱਡੀਆਂ ਸਿਆਸੀ ਤੇ ਗੈਰ-ਸਿਆਸੀ ਹਸਤੀਆਂ ਨਤਮਸਤਕ ਹੋਈਆਂ। ਰਣੀਕੇ ਵਿੱਚ ਮੇਲੇ ਦੀ ਸ਼ੁਭਆਰੰਭਤਾ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਰਾਮਵੀਰ ਵੱਲੋਂ ਕੀਤੀ ਗਈ। ਮੇਲੇ ’ਚ ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸਕੱਤਰ ਹੁਸਨ ਲਾਲ, ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਆਦਿ ਨੇ ਹਾਜ਼ਰੀ ਭਰੀ।
ਲਹਿਰਾਗਾਗਾ (ਪੱਤਰ ਪ੍ਰੇਰਕ): ਅੱਜ ਸ਼ਹਿਰ ਤੇ ਬਖੌਰਾ ਕਲਾਂ ਸਣੇ ਪਿੰਡਾਂ ਦੇ ਅੰਦਰ ਵੱਖ-ਵੱਖ ਮੰਦਰਾਂ ’ਚ ਮਹਾਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਸਥਾਨਕ ਸ਼ਹਿਰ ਦੇ ਪ੍ਰਾਚੀਨ ਸ਼ਿਵ ਦੁਰਗਾ ਮੰਦਰ (ਪਿੰਡ ਵਾਲਾ) ਵਿੱਚ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ।
ਧੂਰੀ (ਖੇਤਰੀ ਪ੍ਰਤੀਨਿਧ): ਸ਼ਿਵਰਾਤਰੀ ਦਾ ਤਿਉਹਾਰ ਸ਼ਹਿਰ ਅੰਦਰ ਬੜੀ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ। ਸ਼ਹਿਰ ਦੇ ਮੰਦਰਾਂ ਨੂੰ ਖੂਬ ਸਜਾਇਆ ਗਿਆ ਤੇ ਲੰਗਰ ਲਗਾਏ ਗਏ।
ਦੇਵੀਗੜ੍ਹ (ਪੱਤਰ ਪ੍ਰੇਰਕ): ਸ਼ਿਵਰਾਤਰੀ ਦਾ ਤਿਉਹਾਰ ਅੱਜ ਕਸਬਾ ਦੇਵੀਗੜ੍ਹ ਦੇ ਸ਼ਿਵ ਮੰਦਰ ਪੁਰਾਣਾ ਬਾਜ਼ਾਰ, ਸ਼ਿਵ ਮੰਦਰ ਭੰਬੂਆਂ ਰੋਡ ਅਤੇ ਆਸਪਾਸ ਦੇ ਸ਼ਿਵ ਮੰਦਰਾਂ ਵਿੱਚ ਮਨਾਇਆ ਗਿਆ। ਇਸ ਦੌਰਾਨ ਮੰਦਰਾਂ ਵਿੱਚ ਸ਼ਰਧਾਲੂਆਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ।
ਡਕਾਲਾ (ਪੱਤਰ ਪ੍ਰੇਰਕ): ਸਥਾਨਕ ਇਲਾਕੇ ਅੰਦਰ ਸ਼ਿਵਰਾਤਰੀ ਦਾ ਤਿਉਹਾਰ ਰਵਾਇਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।
ਅਮਰਗੜ੍ਹ (ਪੱਤਰ ਪ੍ਰੇਰਕ): ਇਥੋਂ ਦੇ ਬਨਭੌਰਾ, ਮੂਲਾਬਾੱਧਾ, ਅਮਰਗੜ੍ਹ, ਬਾਗੜੀਆਂ, ਚੌਂਦਾ, ਮੰਨਵੀਂ, ਨਾਰੀਕੇ ਆਦਿ ਪਿੰਡਾਂ ਵਿੱਚ ਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ।
ਸਮਾਣਾ (ਪੱਤਰ ਪ੍ਰੇਰਕ): ਸਥਾਨਕ ਪ੍ਰਾਚੀਨ ਸੱਚਾ ਮਹਾਂਕਲੇਸ਼ਵਰ ਮੰਦਰ ਵਿਚ ਮਹਾਸ਼ਿਵਰਾਤਰੀ ਦਾ ਤਿਉਹਾਰ ਸਵਾਮੀ ਰਮੇਸ਼, ਮਾਤਾ ਅਨੀਤਾ ਅਤੇ ਸ਼ਿਵਮ ਤ੍ਰਬਿੇਦੀ ਰਿਸ਼ੀਕੇਸ਼ ਵਾਲਿਆਂ ਦੀ ਸਰਪ੍ਰਸਤੀ ਅਤੇ ਪ੍ਰਦੀਪ ਸ਼ਰਮਾ ਦੀ ਪ੍ਰਧਾਨਗੀ ਹੇਠ ਝੰਡੇ ਦੀ ਰਸਮ ਅਦਾ ਕਰਨ ਨਾਲ ਆਰੰਭ ਹੋਇਆ।
ਪ੍ਰਾਚੀਨ ਮੰਦਰ ਵਿੱਚ ਹਜ਼ਾਰਾਂ ਸ਼ਰਧਾਲੂ ਨਤਮਸਤਕ
ਰਾਜਪੁਰਾ (ਪੱਤਰ ਪ੍ਰੇਰਕ): ਨੇੜਲੇ ਪਿੰਡ ਨਲਾਸ ਵਿੱਚ ਮਹਾਸ਼ਿਵਰਾਤੀ ਦੇ ਤਿਉਹਾਰ ਮੌਕੇ ਸਾਨਾਲੇਸ਼ਵਰ ਸ਼ਿਵ ਪ੍ਰਾਚੀਨ ਮੰਦਰ ਵਿਖੇ ਸਾਲਾਨਾ ਜੋੜ ਮੇਲਾ ਭਰਿਆ। ਕਰੀਬ 550 ਸਾਲ ਪੁਰਾਣੇ ਇਸ ਮੰਦਰ ਵਿੱਚ 65 ਫੁੱਟ ਉੱਚੀ ਧਾਤ ਦੀ ਬਣੀ ਸ਼ਿਵਜੀ ਦੀ ਮੂਰਤੀ ਅਤੇ ਮੰਦਰ ਦੇ ਅਹਾਤੇ ਅੰਦਰ 114 ਫੁੱਟ ਉੱਚੇ ਤਰਸੂਲ ਅੱਗੇ ਹਜ਼ਾਰਾਂ ਸ਼ਰਧਾਲੂ ਨਤਮਸਤਕ ਹੋਏ। ਇਸ ਮੌਕੇ ਕਈ ਕਿਲੋਮੀਟਰ ਦੂਰ ਤੱਕ ਵਾਹਨਾਂ ਦੀਆ ਲੰਬੀਆਂ ਕਤਾਰਾਂ ਲੱਗ ਗਈਆਂ। ਇਸ ਤੋਂ ਇਲਾਵਾ ਸ਼ਹਿਰੀ ਖੇਤਰ ਵਿੱਚ ਪੁਰਾਣਾ ਬੱਸ ਅੱਡਾ, ਗੀਤਾ ਭਵਨ, ਡਾਲੀਮਾ ਵਿਹਾਰ ਮੰਦਰ, ਮਹਿੰਦਰਗੰਜ ਕਲੋਨੀ, ਟਾਊਨ ਦਾ ਬਨਵਾੜੀ ਸਮੇਤ ਹੋਰਨਾਂ ਅਨੇਕਾਂ ਥਾਵਾਂ ’ਤੇ ਵੀ ਮੰਦਰਾਂ ਵਿੱਚ ਲੰਗਰ ਲਗਾਏ ਗਏ।
ਸਿਆਸੀ ਆਗੂਆਂ ਨੇ ਮੰਦਰਾਂ ਵਿੱਚ ਕੀਤੀ ਪੂਜਾ
ਪਟਿਆਲਾ (ਪੱਤਰ ਪ੍ਰੇਰਕ): ਅੱਜ ਪਟਿਆਲਾ ਵਿੱਚ ਸ਼ਿਵ ਮੰਦਰਾਂ ’ਚ ਸਵੇਰ ਤੋਂ ਹੀ ਸ਼ਰਧਾਲੂਆਂ ਦੀਆਂ ਵੱਡੀਆਂ-ਵੱਡੀਆਂ ਕਤਾਰਾਂ ਲੱਗ ਗਈਆਂ। ਇਸੇ ਤਹਿਤ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਸ਼ਿਵ ਮੰਦਰ ਵਿੱਚ ਜਾ ਕੇ ਸ਼ਿਵਾ ਦੀ ਪੂਜਾ ਕੀਤੀ। ਪਟਿਆਲਾ ਦਿਹਾਤੀ ਤੋਂ ‘ਆਪ’ ਦੇ ਉਮੀਦਵਾਰ ਡਾ. ਬਲਵੀਰ ਸਿੰਘ, ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਸਮੇਤ ਕਈ ਆਗੂਆਂ ਨੇ ਸ਼ਿਵ ਮੰਦਰਾਂ ਵਿਚ ਜਾ ਕੇ ਸ਼ਰਧਾ ਤਹਿਤ ਪੂਜਾ ਕੀਤੀ।