ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 15 ਜਨਵਰੀ
ਤਿੰਨ ਸਾਲਾਂ ਤੋਂ ਕੇਂਦਰ ਸਰਕਾਰ ਵੱਲੋਂ ਫੌਜ ਦੇ ਪੇਪਰ ਦੀ ਤਰੀਕ ਤੈਅ ਨਾ ਕਰਨ ਤੋਂ ਅੱਕੇ ਨੌਜਵਾਨਾਂ ਵੱਲੋਂ ਅੱਜ ਇੱਥੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਜਾਮ ਲਗਾ ਕੇ ਧਰਨਾ ਦਿੱਤਾ ਗਿਆ। ਇਸ ਕਾਰਨ ਕੌਮੀ ਮਾਰਗ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਤੇ ਆਮ ਲੋਕ ਪ੍ਰੇਸ਼ਾਨ ਹੋਏ। ਲੋਕਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦਾ ਇਸ ਮਾਮਲੇ ਨਾਲ ਕੁੱਝ ਲੈਣ-ਦੇਣ ਨਹੀਂ ਤੇ ਉਨ੍ਹਾਂ ਨੂੰ ਸੜਕ ਜਾਮ ਕਰ ਕਰੇ ਤੰਗ ਕਰਨਾ ਕਿਸੇ ਪਾਸੇ ਤੋਂ ਵੀ ਜਾਇਜ਼ ਨਹੀਂ। ਉਨ੍ਹਾਂ ਕਿਹਾ ਕਿ ਧਰਨਾ ਉਥੇ ਦਿੱਤਾ ਜਾਵੇ ਜਿਥੋਂ ਮਸਲੇ ਦਾ ਹੱਲ ਹੋਵੇ। ਇਸ ਮੌਕੇ ਸਾਬਕਾ ਹੌਲਦਾਰ ਕੁਲਦੀਪ ਸਿੰਘ, ਕਰਨ ਸਿੰਘ,ਗਿਆਨ ਸਿੰਘ, ਕਰਨਵੀਰ ਸਿੰਘ, ਅਵਤਾਰ ਸਿੰਘ ਅਤੇ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ 2019 ਤੋਂ ਲੈ ਕੇ ਹੁਣ ਤਕ 3 ਸਾਲਾਂ ਤੋਂ ਪੇਪਰ ਦੀ ਮੁੱਖ ਤਰੀਕ ਜਾਰੀ ਨਹੀਂ ਕੀਤੀ ਗਈ। ਜਦੋਂ ਹੋਰ ਸਾਰੇ ਮਹਿਕਮਿਆਂ ਦੇ ਪੇਪਰ ਲਏ ਜਾ ਰਹੇ ਹਨ ਤਾਂ ਫੌਜ ਦੇ ਪੇਪਰ ਨੂੰ ਕਰੋਨਾ ਵਾਇਰਸ ਦੀ ਆੜ ਵਿੱਚ ਜਾਣਬੁੱਝ ਕੇ ਅੱਗੇ ਪਾਇਆ ਜਾ ਰਿਹਾ ਹੈ। ਨੌਜਵਾਨਾਂ ਦੇ ਪਹਿਲਾਂ ਮੈਡੀਕਲ ਟੈਸਟ ਵੀ ਹੋ ਚੁੱਕੇ ਹਨ ਅਤੇ ਮੁੱਖ ਪੇਪਰ ਦੀ ਦੇਰੀ ਕਾਰਨ ਉਨ੍ਹਾਂ ਨੂੰ ਦੁਬਾਰਾ ਮੈਡੀਕਲ ਟੈਸਟ ਕਰਵਾਉਣੇ ਪੈਣਗੇ ਅਤੇ ਹੋਰ ਵੀ ਦਿੱਕਤਾਂ ਆ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਮਸਲਾ ਹੱਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਹ ਪ੍ਰਦਰਸ਼ਨ ਚੱਲਦਾ ਰਹੇਗਾ। ਇਸੇ ਦੌਰਾਨ ਤਹਿਸੀਲਦਾਰ ਭਵਾਨੀਗੜ੍ਹ ਵੱਲੋਂ ਉਨ੍ਹਾਂ ਦਾ ਮਸਲਾ ਉੱਚ ਅਧਿਕਾਰੀਆਂ ਕੋਲ ਭੇਜਣ ਦਾ ਭਰੋਸਾ ਦੇਣ ਉਪਰੰਤ ਧਰਨਾ ਸਮਾਪਤ ਕੀਤਾ ਗਿਆ।