ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 12 ਅਕਤੂਬਰ
ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝਾ ਮੋਰਚਾ ਪੰਜਾਬ ਦੇ ਆਗੂਆਂ ਨਾਲ਼ ਮੁੱਖ਼ ਮੰਤਰੀ ਭਗਵੰਤ ਮਾਨ ਵੱਲੋਂ ਰੱਖੀ ਗਈ ਮੀਟਿੰਗ ਰੱਦ ਕਰਨ ਦੇ ਵਿਰੋਧ ਵਿੱਚ ਅੱਜ ਇਲਾਕੇ ਦੇ ਵੱਖ ਵੱਖ ਪਿੰਡਾਂ ਵਿੱਚ ਰੋਸ ਮਾਰਚ ਕਰਕੇ ਮੁੱਖ ਮੰਤਰੀ ਦੀਆਂ ਅਰਥੀਆਂ ਸਾੜੀਆਂ ਗਈਆਂ। ਸਾਂਝੇ ਮੋਰਚੇ ਦੇ ਸੱਦੇ ਤਹਿਤ ਪਿੰਡ ਖੇੜੀ ਗਿੱਲਾਂ, ਭਰਾਜ, ਕਾਲਾਝਾੜ,ਖੇੜੀ ਭੀਮਾਂ, ਤਰੋੜਾਂ ਕਲਾਂ, ਮਸਾਣੀ ਅਤੇ ਖੇੜੀ ਮੱਲਾਂ ਵਿਖੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਆਗੂ ਜਰਨੈਲ ਸਿੰਘ ਸਦਰਪੁਰਾ ਅਤੇ ਸਤਿਗੁਰ ਸਿੰਘ ਤਰੌੜਾ ਕਲਾਂ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਦੀ ਸੰਗਰੂਰ ਕੋਠੀ ਅੱਗੇ 12 ਸਤੰਬਰ ਨੂੰ ਲਾਏ ਤਿੰਨ ਰੋਜ਼ਾ ਮੋਰਚੇ ਸਮੇਂ ਮੁੱਖ ਮੰਤਰੀ ਵੱਲੋਂ ਮਜ਼ਦੂਰ ਜਥੇਬੰਦੀਆਂ ਨਾਲ਼ 3 ਅਕਤੂਬਰ ਦੀ ਮੀਟਿੰਗ ਰੱਖੀ ਸੀ ਜਿਸਨੂੰ ਬਦਲਵੀਂ ਤਾਰੀਖ ਦਿੱਤੇ ਬਿਨਾਂ ਹੀ ਰੱਦ ਕਰ ਦਿੱਤਾ ਗਿਆ। ਇਸ ਕਾਰਨ ਪੰਜਾਬ ਦੇ ਪਿੰਡਾਂ ’ਚ ਮਾਰਚ ਕਰਕੇ ਮੁੱਖ ਮੰਤਰੀ ਦੀਆਂ ਅਰਥੀਆਂ ਸਾੜੀਆਂ ਗਈਆਂ। ਇਸ ਮੌਕੇ ਪਰਮਜੀਤ ਕੌਰ ਖੇੜੀ ਭੀਮਾ, ਚਮਕੌਰ ਸਿੰਘ ਕੁਲਬੁਰਛਾਂ, ਜਗਤਾਰ ਸਿੰਘ ਖੇੜੀ ਗਿੱਲਾਂ, ਬਹਾਦਰ ਸਿੰਘ ਭਰਾਜ, ਰਾਣੀ ਕੌਰ ਤਰੋੜਾਂ ਕਲਾਂ, ਸਤਿਨਾਮ ਸਿੰਘ ਤਰੌੜਾ ਖੁਰਦ, ਗੁਰਮੀਤ ਸਿੰਘ ਸਦਰਪੁਰਾ, ਅੰਮ੍ਰਿਤ ਪਾਲ ਸਿੰਘ ਕਾਲਾਝਾੜ ਅਤੇ ਪਾਲ ਸਿੰਘ ਲੱਖੇਵਾਲ ਨੇ ਸੰਬੋਧਨ ਕੀਤਾ।