ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 8 ਫਰਵਰੀ
ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਬਲਾਕ ਭਵਾਨੀਗੜ੍ਹ ਵੱਲੋਂ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਦੀ ਅਗਵਾਈ ਹੇਠ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਸਮੇਤ ਪ੍ਰਾਇਮਰੀ ਸਕੂਲਾਂ ਨੂੰ ਖੋਲ੍ਹਣ ਅਤੇ 6ਵੀਂ ਤੋਂ ਉੱਪਰ ਵਾਲੇ ਸਕੂਲਾਂ ਨੂੰ ਬੇਤੁਕੀਆਂ ਸ਼ਰਤਾਂ ਲਾਉਣ ਖ਼ਿਲਾਫ਼ ਸ਼ਹਿਰ ਵਿਚ ਨਾਅਰੇਬਾਜ਼ੀ ਕਰਦਿਆਂ ਮੁਜਾਹਰਾ ਕੀਤਾ ਗਿਆ। ਕਿਸਾਨ ਆਗੂ ਹਰਜੀਤ ਸਿੰਘ ਮਹਿਲਾ ਤੇ ਹਰਜਿੰਦਰ ਸਿੰਘ ਘਰਾਚੋਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਨੇ ਕਿਸੇ ਵਿਗਿਆਨਕ ਆਧਾਰ ਤੋਂਂ ਬਿਨਾਂ ਸਕੂਲ-ਕਾਲਜ ਬੰਦ ਕਰ ਕੇ ਆਮ ਕਿਸਾਨਾਂ-ਮਜ਼ਦੂਰਾਂ ਤੇ ਹੋਰ ਕਿਰਤੀਆਂ ਦੇ ਬੱਚਿਆਂ ਦਾ ਆਪਣੇ ਅਧਿਆਪਕਾਂ ਰਾਹੀਂ ਸਹੀ ਸਰਬਪੱਖੀ ਸਿੱਖਿਆ ਗ੍ਰਹਿਣ ਕਰਨ ਦਾ ਹੱਕ ਖੋਹਿਆ ਹੈ। ਆਨਲਾਈਨ ਸਿੱਖਿਆ ਦਾ ਫ਼ੈਸਲਾ ਲਾਗੂ ਕਰਕੇ ਮੋਬਾਈਲ ਫੋਨਾਂ ਤੇ ਡਾਟਾ ਕੰਪਨੀਆਂ ਦੇ ਵਾਰੇ ਨਿਆਰੇ ਕੀਤੇ ਹਨ ਅਤੇ ਇਨ੍ਹਾਂ ਦੇ ਖਰਚੇ ਝੱਲਣੋਂ ਅਸਮਰੱਥ ਗ਼ਰੀਬ ਕਿਸਾਨਾਂ ਮਜ਼ਦੂਰਾਂ ਦੇ ਬੱਚੇ ਇਸ ਅਧੂਰੀ ਸਿੱਖਿਆ ਤੋਂ ਵੀ ਵਾਂਝੇ ਰਹਿ ਰਹੇ ਹਨ।
ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਆਗੂ ਰਮਨ ਸਿੰਘ ਕਾਲਾਝਾੜ ਨੇ ਕਿਹਾ ਕਿ ਵਿਦਿਅਕ ਸੰਸਥਾਵਾਂ ਬੰਦ ਕਰਕੇ ਸਰਕਾਰ ਨਵੀਂ ਸਿੱਖਿਆ ਨੀਤੀ 2020 ਲਾਗੂ ਕਰ ਰਹੀ ਹੈ। ਇਸ ਮੌਕੇ ਟੌਲ ਪਲਾਜ਼ਾ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾਡੀ, ਕਿਸਾਨ ਆਗੂ ਬਲਵਿੰਦਰ ਸਿੰਘ ਘਟੌੜਾ ਜੱਟਾਂ, ਕਰਮ ਚੰਦ ਪੰਨਵਾਂ, ਰਘਵੀਰ ਸਿੰਘ ਘਰਾਚੋਂ, ਅਮਨਦੀਪ ਸਿੰਘ ਮਹਿਲਾ, ਚਮਕੌਰ ਲੱਡੀ, ਸਤਵਿੰਦਰ ਸਿੰਘ ਘਰਾਚੋਂ,ਲਾਡੀ ਬਖੋਪੀਰ, ਗੁਰਚੇਤ ਸਿੰਘ ਭੱਟੀਵਾਲ ਕਲਾਂ ਨੇ ਸੰਬੋਧਨ ਕੀਤਾ।