ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 5 ਨਵੰਬਰ
ਅੱਜ ਇਥੇ ਵਿਸ਼ਵਕਰਮਾ ਮੰਦਰ ਵਿੱਚ ਸਾਲਾਨਾ ਸਮਾਗਮ ਵਿੱਚ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚਣਾ ਸੀ ਪਰ ਇਸ ਦੀ ਭਿਣਕ ਪੈਂਦਿਆਂ ਹੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਨੇ ਮੁੱਖ ਮਾਰਗ ’ਤੇ ਖੜ੍ਹ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਕਾਰਨ ਸ੍ਰੀ ਸਿੰਗਲਾ ਨੇ ਐਨ ਮੌਕੇ ਆਪਣਾ ਪ੍ਰੋਗਰਾਮ ਰੱਦ ਕਰ ਦਿੱਤਾ। ਯੂਨੀਅਨ ਦੇ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ, ਹਰਜਿੰਦਰ ਸਿੰਘ ਘਰਾਚੋਂ, ਜਗਤਾਰ ਸਿੰਘ ਲੱਡੀ, ਗੁਰਦੇਵ ਸਿੰਘ ਆਲੋਅਰਖ ਅਤੇ ਗੁਰਮੇਲ ਕੌਰ ਨੇ ਕਿਹਾ ਕਿ ਨਰਮੇ ਦੀ ਫਸਲ ਦੇ ਗੁਲਾਬੀ ਸੁੰਡੀ ਕਾਰਨ ਹੋਏ ਨੁਕਸਾਨ ਦਾ ਪੰਜਾਬ ਸਰਕਾਰ ਵੱਲੋਂ ਪੂਰਾ ਮੁਆਵਜ਼ਾ ਨਾ ਦੇਣ ਦੇ ਰੋਸ ਵਜੋਂ ਕਾਂਗਰਸ ਸਰਕਾਰ ਦੇ ਵਿਧਾਇਕਾਂ ਤੇ ਮੰਤਰੀਆਂ ਦੇ ਪ੍ਰੋਗਰਾਮਾਂ ‘ਚ ਪਹੁੰਚ ਕੇ ਘਿਰਾਓ ਕਰਨ ਦਾ ਐਲਾਨ ਕੀਤਾ ਹੋਇਆ ਹੈ। ਇਸੇ ਤਹਿਤ ਉਨ੍ਹਾਂ ਵੱਲੋਂ ਕੈਬਨਿਟ ਮੰਤਰੀ ਸਿੰਗਲਾ ਦੇ ਪ੍ਰੋਗਰਾਮਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਇਸੇ ਦੌਰਾਨ ਵਿਸ਼ਵਕਰਮਾ ਮੰਦਰ ਵਿਖੇ ਸਾਲਾਨਾ ਸਮਾਗਮ ਵਿੱਚ ਕਾਂਗਰਸੀ ਆਗੂ ਪ੍ਰਦੀਪ ਕੁਮਾਰ ਕੱਦ, ਵਰਿੰਦਰ ਪੰਨਵਾਂ, ਬਲਵਿੰਦਰ ਸਿੰਘ ਘਾਬਦੀਆ,ਹਰਮਨ ਸਿੰਘ, ਸਤਵੰਤ ਸਿੰਘ ਖਰੇ,ਗੁਰਵਿੰਦਰ ਸਿੰਘ ਸੱਗੂ, ਬਲਵਿੰਦਰ ਸਿੰਘ ਸੱਗੂ, ਗੁਰਚਰਨ ਸਿੰਘ ਮਣਕੂ ਨੇ ਵਿਸ਼ਵਕਰਮਾ ਦਿਵਸ ਦੀਆਂ ਸਭ ਨੂੰ ਮੁਬਾਰਕਾਂ ਦਿੱਤੀਆਂ।