ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 23 ਜੂਨ
ਇਥੋਂ ਨੇੜਲੇ ਪਿੰਡ ਰਾਮਪੁਰਾ ਵਿਖੇ ਕਰਜ਼ੇ ਕਾਰਨ ਪ੍ਰੇਸ਼ਾਨ ਮਜ਼ਦੂਰ ਨੇ ਫਾਹਾ ਲੈ ਕੇ ਖ਼ੁਦਕਸ਼ੀ ਕਰ ਲਈ। ਰਾਮਪੁਰਾ ਦੀ ਸਰਪੰਚ ਸਵਰਨਜੀਤ ਕੌਰ ਅਤੇ ਉਸ ਦੇ ਪਤੀ ਅਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਨਿਰਮਲ ਸਿੰਘ (37) ਨੇ ਬੀਤੀ ਰਾਤ ਆਪਣੇ ਘਰ ਦੇ ਬਾਹਰ ਗੈਲਰੀ ’ਚ ਚੁੰਨੀ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਨਿਰਮਲ ਸਿੰਘ ਕਰਜ਼ੇ ਦੇ ਭਾਰ ਕਾਰਨ ਪਿਛਲੇ ਕਾਫੀ ਸਮੇਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਉਸ ਦੀ ਪਤਨੀ, ਜੋ ਕਿ ਪਿੰਡ ਦੀ ਪੰਚਾਇਤ ਮੈਂਬਰ ਤੇ ਆਸ਼ਾ ਵਰਕਰ ਵੀ ਹੈ, ਆਪਣੀ ਡਿਊਟੀ ਲਈ ਭਵਾਨੀਗੜ੍ਹ ਹਸਪਤਾਲ ਗਈ ਹੋਈ ਸੀ ਤੇ ਘਰ ’ਚ ਕੋਈ ਵੀ ਮੌਜੂਦ ਨਾ ਹੋਣ ਕਾਰਨ ਨਿਰਮਲ ਸਿੰਘ ਵੱਲੋਂ ਇਹ ਕਦਮ ਚੁੱਕਿਆ ਗਿਆ। ਸਵੇਰੇ ਗੁਆਢੀਆਂ ਨੇ ਜਦੋਂ ਉਸ ਦੀ ਲਾਸ਼ ਘਰ ਦੇ ਬਾਹਰ ਗੈਲਰੀ ’ਚ ਲਟਕਦੀ ਦੇਖੀ ਤਾਂ ਉਨਾਂ ਨੇ ਇਸ ਦੀ ਸੂਚਨਾ ਪੰਚਾਇਤ ਨੂੰ ਦਿੱਤੀ।