ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 11 ਫਰਵਰੀ
ਇਥੇ ਨਗਰ ਕੌਂਸਲ ਦੇ ਵਾਰਡ ਨੰਬਰ 11 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਨਾਲ ਖੜੀ ਆਜ਼ਾਦ ਉਮੀਦਵਾਰ ਇੰਦਰਜੀਤ ਕੌਰ ਦੇ ਪਤੀ ਮਾਲਵਿੰਦਰ ਸਿੰਘ ਉਤੇ ਕਾਂਗਰਸੀ ਉਮੀਦਵਾਰ ਦੇ ਹਮਾਇਤੀਆਂ ਵੱਲੋਂ ਕਥਿਤ ਗੱਡੀ ਚੜਾਉਣ ਖ਼ਿਲਾਫ਼ ਅੱਜ ਇਥੇ ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ ਦੀ ਅਗਵਾਈ ਹੇਠ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸ੍ਰੀ ਗਰਗ ਨੇ ਦੱਸਿਆ ਕਿ ਬੀਤੀ ਸ਼ਾਮ ਮਾਲਵਿੰਦਰ ਸਿੰਘ, ਭਗਵਾਨ ਸਿੰਘ ਘਰ ਘਰ ਜਾ ਕੇ ਚੋਣ ਮੁਹਿੰਮ ਚਲਾ ਰਹੇ ਸਨ ਕਿ ਇਸੇ ਦੌਰਾਨ ਕਾਂਗਰਸੀ ਉਮੀਦਵਾਰ ਦੇ ਪਤੀ ਸੁਖਦਰਸ਼ਨ ਸ਼ਲਦੀ ਤੇ ਹਮਾਇਤੀਆਂ ਨੇ ਮਾਲਵਿੰਦਰ ਸਿੰਘ ਉਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਅਤੇ ਚੋਣ ਪ੍ਰਕਿਰਿਆ ਦੀ ਵੀਡੀਓਗਰਾਫੀ ਕਰਨ ਦੀ ਮੰਗ ਕੀਤੀ। ਇਸ ਮੌਕੇ ਕਾਂਗਰਸ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਹਰਵਿੰਦਰ ਸਿੰਘ ਕਾਕੜਾ, ਰਵਿੰਦਰ ਸਿੰਘ ਠੇਕੇਦਾਰ, ਰਵਜਿੰਦਰ ਸਿੰਘ ਕਾਕੜਾ, ਭਰਭੂਰ ਸਿੰਘ ਫੱਗੂਵਾਲਾ, ਨਛੱਤਰ ਸਿੰਘ ਅਤੇ ਇੰਦਰਜੀਤ ਕੌਰ ਹਾਜ਼ਰ ਸਨ। ਦੂਜੇ ਪਾਸੇ ਸੁਖਦਰਸ਼ਨ ਸ਼ਲਦੀ ਨੇ ਦੋਸ਼ਾਂ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਮਾਲਵਿੰਦਰ ਸਿੰਘ ਤੇ ਹੋਰਾਂ ਨੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਹੈ। ਸੁਖਰਾਜ ਸਿੰਘ ਘੁੰਮਣ ਡੀਐੱਸਪੀ ਭਵਾਨੀਗੜ੍ਹ ਨੇ ਦੱਸਿਆ ਕਿ ਜੇ ਉਨ੍ਹਾਂ ਕੋਲ ਕੋਈ ਲਿਖਤੀ ਸ਼ਿਕਾਇਤ ਆਈ ਤਾਂ ਉਸ ਤੇ ਜ਼ਰੂਰ ਕਾਰਵਾਈ ਕੀਤੀ ਜਾਵੇਗੀ।