ਰਮੇਸ਼ ਭਾਰਦਵਾਜ
ਲਹਿਰਾਗਾਗਾ, 12 ਜਨਵਰੀ
ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਵਿੱਚ ਲਿਆਉਣ ਦੀ ਉਸ ਕੋਲੋਂ ਵੱਡੀ ਗਲਤੀ ਹੋਈ ਸੀ ਕਿਉਂਕਿ ਉਸਨੇ ਹੀ ਮੈਨੂੰ ਉਲਝਾਉਣ ਲਈ ਕਰੋੜਾਂ ਰੁਪਏ ਖਰਚ ਕੀਤੇ, ਜਿਸ ਨੂੰ ਉਸਨੇ ਭਰਾ ਬਣਾ ਕੇ ਕਾਂਗਰਸ ਵਿੱਚ ਲਿਆਂਦਾ। ਮੈਂ ਉਸ ਉੱਪਰ ਵਿਸ਼ਵਾਸ ਕਰਦੀ ਰਹੀ ਪਰ ਉਹ ਉਸ ਨਾਲ ਧ੍ਰੋਹ ਕਮਾਉਂਦਾ ਰਿਹਾ। ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਉਹ ਹਲਕਾ ਲਹਿਰਾਗਾਗਾ ਦੀ ਹੈ ਅਤੇ ਹਲਕਾ ਲਹਿਰਾਗਾਗਾ ਉਸਦਾ ਆਪਣਾ ਹੈ, ਕੋਈ ਵੀ ਉਸ ਤੋਂ ਦੂਰ ਨਹੀਂ ਕਰ ਸਕਦਾ ਹੈ ਤੇ ਨਾ ਹਲਕੇ ਦੇ ਲੋਕਾਂ ਨੂੰ ਉਸ ਤੋਂ ਕੋਈ ਦੂਰ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਬਿਨਾਂ ਸ਼ੱਕ ਕੁਝ ਰਾਜਸੀ ਆਗੂਆਂ ਨੇ ਵਕਤੀ ਤੌਰ ਉੱਪਰ ਸਾਡੇ ਇਸ ਨਹੁੰ-ਮਾਸ ਦੇ ਰਿਸ਼ਤੇ ਨੂੰ ਨਿਖੇੜਨ ਦੀ ਕੋਸ਼ਿਸ਼ ਕੀਤੀ ਹੈ। ਬੀਬੀ ਭੱਠਲ ਨੇ ਕਿਹਾ ਕਿ ਪਰਮਿੰਦਰ ਸਿੰਘ ਢੀਂਡਸਾ ਕਿੰਨੇ ਸਾਲ ਖਜ਼ਾਨਾ ਮੰਤਰੀ ਰਹੇ। ਅਰਬਾਂ ਦਾ ਫੰਡ ਹੋਣ ਦੇ ਬਾਵਜੂਦ ਉਸਨੇ 10 ਸਾਲਾਂ ’ਚ ਹਲਕੇ ਲਈ ਕੁਝ ਵੀ ਨਹੀਂ ਕੀਤਾ। ਜਦੋਂਕਿ ਹੁਣ 2021 ਦੇ ਅਖੀਰ ’ਚ ਚੰਨੀ ਸਾਹਿਬ ਮੁੱਖ ਮੰਤਰੀ ਬਣੇ ਤਾਂ ਉਦੋਂ ਉਨ੍ਹਾਂ ਹਲਕੇ ਲਈ 22 ਕਰੋੜ ਰੁਪਿਆ ਲਿਆਂਦਾ। ਜਿਸ ਸਦਕਾ ਹਲਕੇ ਦੇ ਵਿਕਾਸ ਕੰਮ ਸਿਖਰਾਂ ’ਤੇ ਹਨ। ਉਨ੍ਹਾਂ ਦੱਸਿਆ ਕਿ ਚਾਹੇ ਉਨ੍ਹਾਂ ਨੂੰ ਮੁੱਖ ਮੰਤਰੀ ਬਣਨ ਦਾ ਸਮਾਂ ਬਹੁਤ ਹੀ ਥੋੜੇ ਦਿਨਾਂ ਦਾ ਮਿਲਿਆ ਪਰ ਇਸ ਦੌਰਾਨ ਲਹਿਰਾਗਾਗਾ ਨੂੰ ਮਿੰਨੀ ਡਿਪੂ ਬਣਾਇਆ, ਹਲਕੇ ਅੰਦਰ ਯੂਨੀਵਰਸਿਟੀ ਕੈਂਪ, ਲੜਕੀਆਂ ਲਈ ਮੂਨਕ ਆਈਟੀਆਈ ਬਣਵਾਈ। ਇੱਕ ਆਈਟੀਆਈ ਅਨਦਾਣਾ ਬਲਾਕ ਦੇ ਪਿੰਡ ਬਨਾਰਸੀ ਵਿੱਚ ਬਣਵਾਈ।