ਪੱਤਰ ਪ੍ਰੇਰਕ
ਮਾਲੇਰਕੋਟਲਾ, 4 ਸਤੰਬਰ
ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਲਈ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਨੇੜਲੇ ਪਿੰਡ ਰਾਣਵਾਂ ਦੇ ਕੁਝ ਕਿਸਾਨਾਂ ਦੀ ਜ਼ਮੀਨ ਨਿਗੂਣਾ ਮੁਆਵਜ਼ਾ ਦੇ ਕੇ ਗ੍ਰਹਿਣ ਕਰਨ ਦੇ ਖ਼ਿਲਾਫ਼ ਪ੍ਰਭਾਵਿਤ ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਆਗੂ ਕੁਲਵਿੰਦਰ ਸਿੰਘ ਭੂਦਨ ਅਤੇ ਕੇਵਲ ਸਿੰਘ ਭੜੀ ਦੀ ਅਗਵਾਈ ਹੇਠ ਪੱਕੇ ਮੋਰਚਾ ਤਹਿਤ ਦਿੱਤੇ ਜਾ ਰਹੇ ਧਰਨੇ ਦੇ 39ਵੇਂ ਦਿਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਮਹਿਲਾ ਵਿੰਗ ਨੇ ਰੋਸ ਧਰਨਾ ਦਿੱਤਾ। ਇਸ ਮੌਕੇ ਮਹਿਲਾ ਕਿਸਾਨ ਆਗੂ ਸਰਬਜੀਤ ਸਾਬਰੀ ਅਤੇ ਗੁਰਮੇਲ ਕੌਰ ਨੇ ਕਿਹਾ ਕਿ ਸਮੇਂ ਸਮੇਂ ਦੀਆਂ ਕੇਂਦਰੀ ਤੇ ਰਾਜ ਸਰਕਾਰਾਂ ਦੀ ਗ਼ਲਤ ਨੀਤੀਆਂ ਕਿਸਾਨਾਂ ਅਤੇ ਮਜ਼ਦੂਰਾਂ ਦੇ ਉਜਾੜੇ ਦਾ ਕਾਰਨ ਬਣ ਰਹੀਆਂ ਹਨ। ਕੇਂਦਰ ਤੇ ਸੂਬਾਈ ਸਰਕਾਰਾਂ ਕੋਈ ਵੀ ਪ੍ਰਾਜੈਕਟ ਲਿਆਉਣ ਤੋਂ ਪਹਿਲਾਂ ਕਿਸਾਨਾਂ ਨਾਲ ਮਸ਼ਵਰਾ ਕਰਨ ਨੂੰ ਜ਼ਰੂਰੀ ਨਹੀਂ ਸਮਝਦੀਆਂ ਜਦ ਕਿ ਸਰਕਾਰਾਂ ਦੇ ਪ੍ਰਾਜੈਕਟਾਂ ਨਾਲ ਉਜਾੜਾ ਕਿਸਾਨਾਂ ਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਤੇ ਸੂਬਾ ਸਰਕਾਰਾਂ ਨੂੰ ਕਿਸੇ ਵੀ ਪ੍ਰਾਜੈਕਟ ਦੀ ਰੂਪ ਰੇਖਾ ਤਿਆਰ ਕਰਨ ਮੌਕੇ ਕਿਸਾਨਾਂ ਦੇ ਨੁਮਾਇੰਦਿਆਂ ਨਾਲ ਮਸ਼ਵਰਾ ਕਰਨਾ ਚਾਹੀਦਾ ਹੈ। ਆਗੂਆਂ ਕਿਹਾ ਕਿ 39 ਦਿਨਾਂ ਤੋਂ ਪਿੰਡ ਰਾਣਵਾਂ ਵਿੱਚ ਦਿਨ ਰਾਤ ਦਾ ਪੱਕਾ ਮੋਰਚਾ ਚੱਲ ਰਿਹਾ ਹੈ ਪਰ ਪ੍ਸ਼ਾਸਨ ਵੱਲੋਂ ਮਸਲਾ ਹੱਲ ਨਹੀਂ ਕੀਤਾ ਜਾ ਰਿਹਾ। ਜੇਕਰ ਪ੍ਰਸ਼ਾਸਨ ਵੱਲੋਂ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸੰਘਰਸ਼ ਹੋਰ ਤੇਜ਼ ਕਰਦੇ ਹੋਏ ਸੰਘਰਸ਼ ਦੀ ਰੂਪ ਰੇਖਾ ਬਦਲੀ ਜਾਵੇਗੀ। ਸਪਿੰਦਰਜੀਤ ਕੌਰ ਕੁੱਪ ਕਲਾਂ ਨੇ ਪੰਜਾਬ ਸਰਕਾਰ ਦੇ ਸਰਕਾਰੀ ਕਰਮਚਾਰੀਆਂ ਦੇ ਘਰਾਂ ‘ਚ ਚਿੱਪ ਵਾਲੇ ਮੀਟਰ ਲਾਉਣ ਦੇ ਫ਼ੁਰਮਾਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਯੂਨੀਅਨ ਅਜਿਹਾ ਨਹੀਂ ਕਰਨ ਦੇਵੇਗੀ। ਇਸ ਮੌਕੇ ਇਕਾਈ ਪ੍ਰਧਾਨ ਕੁਲਦੀਪ ਕੌਰ ਹਥਨ, ਨਿਰਲੇਪ ਕੌਰ ਮਾਣਕ ਮਾਜਰਾ, ਜ਼ਿਲ੍ਹਾ ਆਗੂ ਨਿਰਮਲ ਸਿੰਘ ਅਲੀਪੁਰ, ਰਜਿੰਦਰ ਸਿੰਘ ਭੋਗੀਵਾਲ, ਸਤਿਨਾਮ ਸਿੰਘ, ਰਵਿੰਦਰ ਸਿੰਘ ਬਿੰਦਰ ਤੇ ਬਲਾਕ ਪ੍ਰਧਾਨ ਮਾਲੇਰਕੋਟਲਾ ਚਰਨਜੀਤ ਸਿੰਘ ਹਥਨ ਆਦਿ ਹਾਜ਼ਰ ਸਨ।