ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 10 ਸਤੰਬਰ
ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਲਈ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਨੇੜਲੇ ਪਿੰਡ ਰਾਣਵਾਂ ਦੇ ਕੁਝ ਕਿਸਾਨਾਂ ਦੀ ਜ਼ਮੀਨ ਐਕੁਆਇਰ ਕਰਨ ਦੇ ਖ਼ਿਲਾਫ਼ ਪ੍ਰਭਾਵਿਤ ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਆਗੂ ਕੁਲਵਿੰਦਰ ਸਿੰਘ ਭੂਦਨ ਅਤੇ ਜ਼ਿਲ੍ਹਾ ਜਨਰਲ ਸਕੱਤਰ ਕੇਵਲ ਸਿੰਘ ਭੜੀ ਦੀ ਅਗਵਾਈ ਹੇਠ ਪੱਕੇ ਮੋਰਚੇ ਤਹਿਤ ਦਿੱਤਾ ਜਾ ਰਿਹਾ ਧਰਨਾ ਜਾਰੀ ਹੈ। ਧਰਨੇ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਮਹਿਲਾ ਵਿੰਗ ਦੀ ਆਗੂ ਗੁਰਮੇਲ ਕੌਰ ਦੀ ਅਗਵਾਈ ਹੇਠ ਔਰਤਾਂ ਨੇ ਵੀ ਸ਼ਿਰਕਤ ਕੀਤੀ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਅਮਰਗੜ੍ਹ ਇਕਾਈ ਦੇ ਪ੍ਰਧਾਨ ਦਰਸ਼ਨ ਸਿੰਘ ਹਥੋਆ ਨੇ ਕਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਦੀ ਗ਼ਲਤ ਨੀਤੀਆਂ ਕਿਸਾਨਾਂ ਅਤੇ ਮਜ਼ਦੂਰਾਂ ਦੇ ਉਜਾੜੇ ਦਾ ਕਾਰਨ ਬਣ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਪ੍ਰਾਜੈਕਟਾਂ ਲਈ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਐਕੁਆਇਰ ਹੁੰਦੀ ਹੈ, ਉਨ੍ਹਾਂ ਕਿਸਾਨਾਂ ਦੇ ਬੱਚਿਆਂ ਨੂੰ ਉੱਚ ਸਿੱਖਿਆ ਤੱਕ ਮੁਫ਼ਤ ਪੜ੍ਹਾਈ ਦੀ ਸਹੂਲਤ ਦਿੱਤੀ ਜਾਵੇ, ਪ੍ਰਭਾਵਿਤ ਕਿਸਾਨ ਪਰਿਵਾਰਾਂ ਦੇ ਬੱਚਿਆਂ ਨੂੰ ਸਰਕਾਰੀ ਨੌਕਰੀ ਦੇਣ ਦੇ ਨਾਲ ਨਾਲ ਸਮੁੱਚੇ ਕਿਸਾਨ ਪਰਿਵਾਰ ਨੂੰ ਡਾਕਟਰੀ ਸਹੂਲਤ ਮੁਫ਼ਤ ਦਿੱਤੀ ਜਾਵੇ। ਇਸੇ ਦੌਰਾਨ ਮਹਿਲਾ ਕਿਸਾਨ ਆਗੂ ਗੁਰਮੇਲ ਕੌਰ ਨੇ ਕਿਹਾ ਇਸ ਮਾਮਲੇ ਨੂੰ ਲੈ ਕੇ ਪਿੰਡ ਰਾਣਵਾਂ ਵਿੱਚ ਕਿਸਾਨਾਂ ਦਾ ਪਿਛਲੇ 45 ਦਿਨਾਂ ਤੋਂ ਧਰਨਾ ਚੱਲ ਰਿਹਾ ਹੈ ਪਰ ਜ਼ਿਲ੍ਹਾ ਪ੍ਰਸ਼ਾਸਨ ਟੱਸ ਤੋਂ ਮੱਸ ਨਹੀਂ ਹੋ ਰਿਹਾ। ਇਸੇ ਤਰ੍ਹਾਂ ਸਰਬਜੀਤ ਸਾਬਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੰਗਰੂਰ ਸਥਿਤ ਰਿਹਾਇਸ਼ ਅੱਗੇ ਸੱਤ ਮਜ਼ਦੂਰ ਜੱਥੇਬੰਦੀਆਂ ਵੱਲੋਂ 12 ਸਤੰਬਰ ਤੋਂ ਦਿੱਤੇ ਜਾਣ ਵਾਲੇ ਧਰਨੇ ’ਚ ਜ਼ਿਲ੍ਹਾ ਮਾਲੇਰਕੋਟਲਾ ਦੇ ਕਿਸਾਨ ਅਤੇ ਮਜ਼ਦੂਰ ਵੀ ਸ਼ਾਮਲ ਹੋਣਗੇ।
ਮਜ਼ਦੂਰਾਂ ਦੇ ਮਿਹਨਤਾਨੇ ’ਚ ਮਾਮੂਲੀ ਵਾਧਾ ਮਜ਼ਾਕ ਕਰਾਰ
ਮਲੇਰਕੋਟਲਾ ਦੀ ਦਾਣਾ ਮੰਡੀ ਦੇ ਪੱਲੇਦਾਰਾਂ ਦੀ ਮੀਟਿੰਗ ਅਬਦੁੱਲ ਮਜੀਦ ਲਾਲਾ ਦੀ ਪ੍ਰਧਾਨਗੀ ਹੇਠ ਹੋਈ। ਇਸੇ ਦੌਰਾਨ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਅਨਾਜ ਮੰਡੀਆਂ ’ਚ ਢੋਆ-ਢੁਆਈ ਦਾ ਕੰਮ ਕਰਦੇ ਮਜ਼ਦੂਰਾਂ ਦੇ ਮਿਹਨਤਾਨੇ ਮਹਿੰਗਾਈ ਸੂਚਕ ਅੰਕ ਮੁਤਾਬਕ ਵਧਾਉਣ ਦੀ ਬਜਾਏ ਹਾੜੀ-ਸਾਉਣੀ ਦੇ ਮਜ਼ਦੂਰੀ ਰੇਟਾਂ ’ਚ 8 ਪੈਸੇ ਪ੍ਰਤੀ ਨਗ ਦੇ ਕੀਤੇ ਗਏ ਵਾਧੇ ਨੂੰ ਮਜ਼ਦੂਰ ਜਮਾਤ ਨਾਲ ਕੋਝਾ ਮਜ਼ਾਕ ਕਰਾਰ ਦਿੱਤਾ ਗਿਆ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਅਬਦੁਲ ਮਜੀਦ ਲਾਲਾ ਅਤੇ ਸਕੱਤਰ ਮੁਹੰਮਦ ਯਾਮੀਨ ਨੇ ਕਿਹਾ ਕਿ ਮਹਿੰਗਾਈ ਦਿਨੋਂ-ਦਿਨ ਅਸਮਾਨ ਛੂਹ ਰਹੀ ਹੈ ਪਰ ਪੰਜਾਬ ਸਰਕਾਰ ਵੱਲੋਂ ਮਜ਼ਦੂਰੀ ਦੇ ਰੇਟਾਂ ’ਚ ਵਾਧਾ ਨਾ ਕੀਤੇ ਜਾਣ ਕਾਰਨ ਮਜ਼ਦੂਰਾਂ ਦੇ ਚੁੱਲ੍ਹੇ ਠੰਡੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਿਰਤ ਵਿਭਾਗ ਨੇ 0.68 ਫੀਸਦੀ ਮਹਿੰਗਾਈ ਦੱਸਦੇ ਹੋਏ ਨਾਮਾਤਰ 8 ਪੈਸੇ ਪ੍ਰਤੀ ਬੋਰੀ ਢੋਆ-ਢੁਆਈ ਦਾ ਹੀ ਵਾਧਾ ਕੀਤਾ ਹੈ।