ਖੇਤਰੀ ਪ੍ਰਤੀਨਿਧ
ਧੂਰੀ, 10 ਸਤੰਬਰ
ਸਾਬਕਾ ਉਪ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਦੇਸ਼ ਅੰਦਰ ਸ਼ੁਰੂ ਕੀਤੀ ਗਈ ‘ਭਾਰਤ ਜੋੜੋ ਯਾਤਰਾ’ ਭਾਜਪਾ ਦੀਆਂ ਜੜ੍ਹਾਂ ਹਿਲਾ ਦੇਵੇਗੀ ਅਤੇ ਦੇਸ਼ ਅੰਦਰ ਨਵਾਂ ਇਤਿਹਾਸ ਸਿਰਜੇਗੀ। ਸ੍ਰੀ ਰੰਧਾਵਾ ਇੱਥੇ ਯੂਥ ਕਾਂਗਰਸ ਦੇ ਆਗੂ ਸ਼ੁਭਮ ਸ਼ਰਮਾ ਦੇ ਘਰ ਵਿੱਚ ਇੱਕ ਧਾਰਮਿਕ ਸਮਾਗਮ ’ਚ ਸ਼ਾਮਲ ਹੋਣ ਮੌਕੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।
ਸ੍ਰੀ ਰੰਧਾਵਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਨੂੰ ਮਹਿੰਗਾਈ ਵੱਲ ਧੱਕ ਰਹੀ ਹੈ। ਉਨ੍ਹਾਂ ਕਿਹਾ ਪੰਜਾਬ ਅੰਦਰ ‘ਆਪ’ ਦੀ ਸਰਕਾਰ ਆਪਣੇ ਅਸਲ ਚੋਣ ਵਾਅਦਿਆਂ ਤੋਂ ਭੱਜ ਕੇ ਕਾਂਗਰਸੀਆਂ ਉੱਤੇ ਝੂਠੇ ਪਰਚੇ ਦਰਜ ਕਰਨ ਲੱਗ ਪਈ ਹੈ ਜਿਸ ਦਾ ਕਾਂਗਰਸ ਪਾਰਟੀ ਮੂੰਹਤੋੜ ਜਵਾਬ ਦੇਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆਂ ’ਤੇ ਪੰਜਾਬ ਦਾ ਅਧਿਕਾਰ ਹੈ ਪਰ ‘ਆਪ’ ਸਰਕਾਰ ਪੰਜਾਬ ਦੇ ਪਾਣੀਆਂ ਨੂੰ ਦੂਜੇ ਸੂਬਿਆਂ ਨੂੰ ਦੇਣ ਦਾ ਮਨ ਬਣਾ ਰਹੀ ਹੈ ਜਿਸ ਨੂੰ ਕਾਂਗਰਸ ਪਾਰਟੀ ਬਰਦਾਸ਼ਤ ਨਹੀਂ ਕਰੇਗੀ। ਯੂਥ ਕਾਂਗਰਸੀ ਆਗੂ ਸ਼ੁਭਮ ਸ਼ਰਮਾ ਨੇ ਸ੍ਰੀ ਰੰਧਾਵਾ ਦਾ ਸਨਮਾਨ ਕੀਤਾ।