ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 7 ਅਗਸਤ
ਥਾਣਾ ਸਿਟੀ ਧੂਰੀ ਦੇ ਮੁਖੀ ਦੇ ਰਵੱਈਏ ਤੋਂ ਖਫ਼ਾ ਭਾਕਿਯੂ ਏਕਤਾ ਉਗਰਾਹਾਂ ਨੇ 10 ਅਗਸਤ ਨੂੰ ਥਾਣੇ ਅੱਗੇ ਅਥਮਿੱਥੇ ਸਮੇਂ ਲਈ ਰੋਸ ਧਰਨਾ ਲਗਾਉਣ ਦਾ ਐਲਾਨ ਕੀਤਾ ਹੈ। ਇਥੇ ਗੁਰਦੁਆਰਾ ਸਾਹਿਬ ਮਹਿਲ ਮੁਬਾਰਕ ਵਿੱਚ ਯੂਨੀਅਨ ਦੀ ਹੋਈ ਮੀਟਿੰਗ ਤੋਂ ਬਾਅਦ ਬਲਾਕ ਪ੍ਰਧਾਨ ਗੋਬਿੰਦਰ ਸਿੰਘ ਮੰਗਵਾਲ ਨੇ ਦੱਸਿਆ ਕਿ ਪਿੰਡ ਮੰਗਵਾਲ ਦਾ ਇੱਕ ਕਿਸਾਨ ਏਕਮ ਸਿੰਘ ਦੁੱਧ ਦੀ ਡਾਇਰੀ ਦਾ ਕੰਮ ਕਰਦਾ ਸੀ ਜਿਸ ਦੀ ਡਾਇਰੀ ਤੋਂ ਧੂਰੀ ਇੱਕ ਸੇਠ ਦੁੱਧ ਖਰੀਦਦਾ ਸੀ। ਉਨ੍ਹਾਂ ਦੱਸਿਆ ਕਿ ਸੇਠ ਨੇ ਕਿਸਾਨ ਏਕਮ ਸਿੰਘ ਦੀ ਦੋ ਲੱਖ ਰੁਪਏ ਦੀ ਰਕਮ ਕਥਿਤ ਤੌਰ ’ਤੇ ਨਹੀਂ ਦਿੱਤੀ। ਮੁਦਈ ਕਿਸਾਨ ਨੇ ਥਾਣਾ ਸਿਟੀ ਧੂਰੀ ਵਿੱਚ ਲਿਖਤੀ ਸ਼ਿਕਾਇਤ ਦਿੱਤੀ ਪਰੰਤੂ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਕਿਸਾਨ ਨੇ ਉਸ ਸੇਠ ਦੀ ਗੱਡੀ ਫੜ੍ਹ ਕੇ ਘਰ ਖੜ੍ਹੀ ਕਰ ਲਈ ਤਾਂ ਉਸ ਸੇਠ ਨੇ ਆਪਣੀ ਪਹੁੰਚ ਵਰਤ ਕੇ ਕਿਸਾਨ ਏਕਮ ਸਿੰਘ ਦੇ ਖ਼ਿਲਾਫ਼ ਗੱਡੀ ਦੀ ਖੋਹ ਦੇ ਦੋਸ਼ ਹੇਠ ਕੇਸ ਦਰਜ ਕਰਵਾ ਦਿੱਤਾ ਸੀ। ਇਸ ਮਾਮਲੇ ਦੇ ਸਬੰਧ ਵਿਚ ਜਦੋਂ ਭਾਕਿਯੂ ਏਕਤਾ ਉਗਰਾਹਾਂ ਦੀ ਟੀਮ ਥਾਣਾ ਸਿਟੀ ਗੱਲਬਾਤ ਕਰਨ ਵਾਸਤੇ ਗਈ ਤਾਂ ਸਬੰਧਤ ਥਾਣਾ ਮੁਖੀ ਦਾ ਰਵੱਈਆ ਠੀਕ ਨਹੀਂ ਸੀ ਤੇ ਕਿਸਾਨ ਆਗੂਆਂ ਨਾਲ ਦੁਰਵਿਹਾਰ ਕੀਤਾ। ਥਾਣਾ ਸਿਟੀ ਧੂਰੀ ਦੇ ਐਸ.ਐਚ.ਓ. ਹਰਜਿੰਦਰ ਸਿੰਘ ਢਿੱਲੋਂ ਨੇ ਕਿਸਾਨ ਆਗੂਆਂ ਵਲੋਂ ਲਗਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਦੱਸਿਆ ਕਿ ਏਕਮ ਸਿੰਘ ਵਾਸੀ ਮੰਗਵਾਲ ਦੇ ਖ਼ਿਲਾਫ਼ 16-6-2021 ਨੂੰ ਗੱਡੀ ਦੀ ਖੋਹ ਦੇ ਦੋਸ਼ ਹੇਠ 379-ਬੀ ਤਹਿਤ ਕੇਸ ਦਰਜ ਹੈ ਅਤੇ ਮੁਲਜ਼ਮ ਕੋਲੋਂ ਗੱਡੀ ਵੀ ਬਰਾਮਦ ਹੋਈ ਸੀ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਸਾਰੇ ਦੋਸ਼ ਝੂਠੇ ਹਨ।