ਗੁਰਦੀਪ ਸਿੰਘ ਲਾਲੀ
ਸੰਗਰੂਰ, 19 ਅਕਤੂਬਰ
ਪੁਲੀਸ ਵੱਲੋਂ ਬੀਤੀ 17 ਅਕਤੂਬਰ ਦੀ ਰਾਤ ਨੂੰ ਗ੍ਰਿਫ਼ਤਾਰ ਕੀਤੇ ਗਏ ਸਿੱਖ ਸਦਭਾਵਨਾ ਦਲ ਤੇ ਰਾਗੀ ਗ੍ਰੰਥੀ ਸਭਾ ਦੇ ਜ਼ਿਲ੍ਹਾ ਪ੍ਰਧਾਨ ਭਾਈ ਬਚਿੱਤਰ ਸਿੰਘ ਖਾਲਸਾ ਦੀ ਜ਼ਮਾਨਤ ਮਗਰੋਂ ਅੱਜ ਜ਼ਿਲ੍ਹਾ ਜੇਲ੍ਹ ’ਚੋਂ ਰਿਹਾਈ ਹੋ ਗਈ। ਇਸ ਮੌਕੇ ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਬਡਾਲਾ ਨੇ ਜੇਲ੍ਹ ਅੱਗੇ ਭਾਈ ਬਚਿੱਤਰ ਸਿੰਘ ਨੂੰ ਸਿਰੋਪਾਓ ਪਾ ਕੇ ਵਿਸ਼ੇਸ਼ ਤੌਰ ’ਤੇ ਸਵਾਗਤ ਕੀਤਾ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਸਰਕਾਰ ਨੇ ਬਾਦਲ ਸਰਕਾਰ ਨੂੰ ਵੀ ਮਾਤ ਪਾ ਦਿੱਤੀ ਹੈ ਕਿਉਂਕਿ ਬਾਦਲ ਸਰਕਾਰ ਸਮੇਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਨੂੰ ਲਿਜਾਂਦਿਆਂ ਸੰਗਤਾਂ ਨੂੰ ਕਦੇ ਨਹੀਂ ਰੋਕਿਆ ਗਿਆ ਸੀ। ਉਨ੍ਹਾਂ ਕਿਹਾ ਕਿ 328 ਪਾਵਨ ਸਰੂਪਾਂ ਲਈ ਇਨਸਾਫ਼ ਮੰਗ ਕਰ ਰਹੇ ਹਨ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸ਼ਾਂਤਮਈ ਨਗਰ ਕੀਰਤਨ ਕੱਢ ਰਹੇ ਸਨ।
ਇਸ ਮੌਕੇ ਭਾਈ ਬਚਿੱਤਰ ਸਿੰਘ ਨੇ ਕਿਹਾ ਕਿ ਜੇਕਰ ਉਹ ਸਿੱਖ ਨਾ ਹੁੰਦੇ ਤਾਂ ਸ਼ਾਇਦ ਉਨ੍ਹਾਂ ਦੀ ਜ਼ਮਾਨਤ 10 ਜਾਂ 20 ਹਜ਼ਾਰ ਰੁਪਏ ਵਿੱਚ ਹੋ ਜਾਣੀ ਸੀ ਪਰ ਉਨ੍ਹਾਂ ਨੇ ਸਿੱਖ ਹੋ ਕੇ ਕੋਈ ਗੁਨਾਹ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਵਿਤਕਰੇ ਨਾਲ ਸਾਡੇ ਹੌਂਸਲੇ ਪਸਤ ਨਹੀਂ ਹੋਣਗੇ।
ਸ੍ਰੀ ਵਡਾਲਾ ਨੇ ਕਿਹਾ ਕਿ ਭਾਈ ਬਚਿੱਤਰ ਸਿੰਘ ਦੀ ਰਿਹਾਈ ਲਈ ਤਿੰਨ ਲੱਖ ਦੀ ਜ਼ਮਾਨਤ ਭਰਵਾਈ ਗਈ ਜੋ ਕਿ ਸਿਰਫ਼ 50 ਹਜ਼ਾਰ ਦੀ ਹੋ ਸਕਦੀ ਸੀ।