ਪਵਨ ਕੁਮਾਰ ਵਰਮਾ/ਹਰਦੀਪ ਸੋਢੀ
ਧੂਰੀ, 12 ਮਾਰਚ
ਵਿਧਾਨ ਸਭਾ ਹਲਕਾ ਧੂਰੀ ਤੋਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦੇ ਹਲਕਾ ਧੂਰੀ ਤੋਂ ਵੱਡੀ ਲੀਡ ਨਾਲ ਚੋਣ ਜਿੱਤਣ ਮਗਰੋਂ ਉਨ੍ਹਾਂ ਦੀ ਭੈਣ ਮਨਪ੍ਰੀਤ ਕੌਰ ਨੇ ਅੱਜ ਇੱਥੇ ਪਹੁੰਚ ਕੇ ਪੰਜਾਬ ਦੇ ਵੋਟਰਾਂ ਸਮੇਤ ਹਲਕਾ ਧੂਰੀ ਦੇ ਲੋਕਾਂ ਦਾ ਧੰਨਵਾਦ ਕੀਤਾ। ਮਨਪ੍ਰੀਤ ਕੌਰ ਨੇ ਕਿਹਾ ਕਿ ਹਲਕਾ ਧੂਰੀ ਦੇ ਵੋਟਰਾਂ ਵੱਲੋਂ ਜੋ ਪਿਆਰ ਭਗਵੰਤ ਮਾਨ ਨੂੰ ਦਿੱਤਾ ਗਿਆ ਹੈ, ਉਸ ਨੂੰ ਸਾਰਾ ਪਰਿਵਾਰ ਕਦੇ ਭੁਲਾ ਨਹੀਂ ਸਕਦਾ। ਉਨ੍ਹਾਂ ਖੁੱਲ੍ਹੀ ਜੀਪ ਵਿਚ ਸਵਾਰ ਹੋ ਕੇ ਲੋਕਾਂ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ।
ਮਸਤੂਆਣਾ ਸਾਹਿਬ (ਐੱਸਐੱਸ ਸੱਤੀ): ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਭਗਵੰਤ ਮਾਨ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਉਨ੍ਹਾਂ ਦੀ ਭੈਣ ਮਨਪ੍ਰੀਤ ਕੌਰ ਵੱਲੋਂ ਹਲਕੇ ਦੇ ਲੱਡਾ, ਕਾਂਝਲਾ ਅਤੇ ਹੋਰ ਦਰਜਨਾਂ ਪਿੰਡਾਂ ਵਿੱਚ ਧੰਨਵਾਦੀ ਦੌਰਾ ਕੀਤਾ ਗਿਆ।
ਹਾਰ ਮਗਰੋਂ ਚੰਦੂਮਾਜਰਾ ਪਿਉ-ਪੁੱਤ ਵੱਲੋਂ ਧੰਨਵਾਦੀ ਸਮਾਰੋਹ
ਸਨੌਰ (ਖੇਤਰੀ ਪ੍ਰਤੀਨਿਧ): ਸਾਬਕਾ ਅਕਾਲੀ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਿਸੇ ਵਿਅਕਤੀ ਜਾਂ ਪਾਰਟੀ ਵਿਸ਼ੇਸ਼ ਕਾਰਨ ਨਹੀਂ, ਬਲਕਿ ਪੰਜਾਬ ਦੇ ਲੋਕਾਂ ਨੇ ਮੌਜੂਦਾ ਰਾਜਸੀ ਪਾਰਟੀਆਂ ਅਤੇ ਸਿਸਟਮ ਤੋਂ ਅੱਕੇ ਹੋਣ ਕਾਰਨ ਹੀ ਇਕ ਬਦਲਾਅ ਦੀ ਤਲਾਸ਼ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਹੱਕ ’ਚ ਫਤਵਾ ਦਿੱਤਾ ਹੈ। ਉਨ੍ਹਾਂ ਵਰਕਰਾਂ ਤੇ ਲੋਕਾਂ ਦਾ ਸਹਿਯੋਗ ਦੇਣ ’ਤੇ ਧੰਨਵਾਦ ਕੀਤਾ।