ਪਵਨ ਕੁਮਾਰ ਵਰਮਾ
ਧੂਰੀ, 26 ਅਕਤੂਬਰ
ਵਿਧਾਨ ਸਭਾ ਹਲਕਾ ਧੂਰੀ ਦੇੇ ਪਿੰਡ ਬੇਨੜਾ ਜਿਸ ਨੂੰ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਰੀਬ ਛੇ ਸਾਲ ਪਹਿਲਾਂ ਗੋਦ ਲਿਆ ਸੀ ਅਤੇ ਉਸ ਵਕਤ ਪਿੰਡ ਦੇ ਲੋਕਾਂ ਨੂੰ ਇਹ ਆਸ ਬੱਝੀ ਸੀ ਕਿ ਭਗਵੰਤ ਮਾਨ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਇਸ ਪਿੰਡ ਨੂੰ ਗੋਦ ਲਏ ਜਾਣ ਕਾਰਨ ਇਸ ਪਿੰਡ ਦੀ ਕਾਇਆ ਕਲਪ ਹੋ ਜਾਵੇਗੀ ਪਰ ਛੇ ਸਾਲ ਦਾ ਲੰਮਾ ਸਮਾਂ ਬੀਤਣ ਉਪਰੰਤ ਵੀ ਪਿੰਡ ਬੇਨੜਾ ਨੂੰ ਭਗਵੰਤ ਮਾਨ ਵੱਲੋਂ ਕੋਈ ਵੱਡੀ ਗਰਾਂਟ ਨਸੀਬ ਨਹੀਂ ਹੋਈ। ਇੱਥੋਂ ਦੇ ਕੇਵਲ ਸੀਨੀਅਰ ਸੈਕੰਡਰੀ ਸਕੂਲ ਨੂੰ ਭਗਵੰਤ ਮਾਨ ਵੱਲੋਂ ਇੱਕ ਵਾਰ ਗਰਾਂਟ ਦਿੱਤੀ ਗਈ ਹੈ। ਅੱਜ ਜਦੋਂ ਪੱਤਰਕਾਰਾਂ ਦੀ ਟੀਮ ਨੇ ਪਿੰਡ ਬੇਨੜਾ ਦੇ ਲੋਕਾਂ ਨਾਲ ਗੱਲਬਾਤ ਕਰਕੇ ਇਸ ਗੱਲ ਦੀ ਜਾਣਕਾਰੀ ਲੈਣੀ ਚਾਹੀ ਤਾਂ ਪਿੰਡ ਦੇ ਸਰਪੰਚ ਅਜੈਬ ਸਿੰਘ ਜਿਸ ਦਾ ਸਬੰਧ ਕਾਂਗਰਸ ਪਾਰਟੀ ਨਾਲ ਹੈ, ਨੇ ਦੱਸਿਆ ਕਿ ਉਸ ਨੂੰ ਸਰਪੰਚ ਬਣਿਆ ਕਰੀਬ ਤਿੰਨ ਸਾਲ ਹੋਣ ਵਾਲੇ ਹਨ ਅਤੇ ਇਨ੍ਹਾਂ ਤਿੰਨ ਸਾਲਾਂ ਵਿੱਚ ਭਗਵੰਤ ਮਾਨ ਨੇ ਪਿੰਡ ਨੂੰ ਕੋਈ ਗਰਾਂਟ ਨਹੀਂ ਦਿੱਤੀ। ਪਿੰਡ ਬੇਨੜਾ ਦੇ ਪੰਚਾਇਤ ਸਕੱਤਰ ਸੰਜੀਵ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਜਾਣਕਾਰੀ ਅਨੁਸਾਰ ਮਾਨ ਨੇ ਗੋਦ ਲਏ ਪਿੰਡ ਬੇਨੜਾ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਾਲੀ ਗਰਾਂਟ ਨੂੰ ਛੱਡ ਕੇ ਕੋਈ ਵਿਸ਼ੇਸ਼ ਗਰਾਂਟ ਨਹੀਂ ਦਿੱਤੀ। ਪਿੰਡ ਦੇ ਦਰਵਾਜ਼ੇ ਵਿੱਚ ਬੈਠੇ ਕਿਸਾਨਾਂ ਵਿੱਚ ਸ਼ਾਮਲ ਕਾਮਰੇਡ ਤੇਜਾ ਸਿੰਘ (ਸਾਬਕਾ ਪੰਚ) ਨੇ ਆਪਣੇ ਆਪ ਨੂੰ 30 ਸਾਲ ਪਿੰਡ ਦਾ ਪੰਚ ਰਹਿਣ ਦਾ ਦਾਅਵਾ ਕਰਦਿਆਂ ਦੱਸਿਆ ਕਿ ਭਗਵੰਤ ਮਾਨ ਵੱਲੋਂ ਪਿੰਡ ਦੀ ਨੁਹਾਰ ਬਦਲਣ ਲਈ ਕੋਸ਼ਿਸ਼ ਕੀਤੀ ਗਈ ਸੀ ਪਰ ਕੇਂਦਰ ਵਿੱਚ ਵਿਰੋਧੀ ਧਿਰ ਦੀ ਸਰਕਾਰ ਹੋਣ ਕਰਕੇ ਮਾਨ ਦੀਆਂ ਆਸਾਂ ਅਧੂਰੀਆਂ ਹੀ ਰਹਿ ਗਈਆਂ। ਆਮ ਆਦਮੀ ਪਾਰਟੀ ਦੇ ਹਲਕਾ ਧੂਰੀ ਦੇ ਆਗੂ ਪਰਮਿੰਦਰ ਸਿੰਘ ਪੰਨੂ ਕਾਤਰੋਂ ਅਤੇ ਸਤਿੰਦਰ ਸਿੰਘ ਚੱਠਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਿੰਡ ਗੋਦ ਲੈਣ ਵਾਲੀ ਚਲਾਈ ਗਈ ਸਕੀਮ ਅਧੀਨ ਕੇਂਦਰ ਸਰਕਾਰ ਨੇ ਗੋਦ ਲਏ ਪਿੰਡਾਂ ਲਈ ਕੋਈ ਵਿਸ਼ੇਸ਼ ਗਰਾਂਟ ਜਾਰੀ ਨਹੀਂ ਕੀਤੀ।