ਪਵਨ ਕੁਮਾਰ ਵਰਮਾ
ਧੂਰੀ, 12 ਫਰਵਰੀ
ਧੂਰੀ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਆਪਣੇ ਵਿਧਾਨ ਸਭਾ ਹਲਕਾ ਧੂਰੀ ਦੇ ਵੱਖ-ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ। ਚੋਣ ਪ੍ਰਚਾਰ ਦੌਰਾਨ ਭਗਵੰਤ ਮਾਨ ਦੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਪੰਜਾਬ ਵਿੱਚੋਂ ਮਾਫੀਆ ਰਾਜ ਖ਼ਤਮ ਕੀਤਾ ਜਾਵੇਗਾ ਅਤੇ ਚਿਟਫੰਡ ਕੰਪਨੀਆਂ (ਪਰਲ ਅਤੇ ਕਰਾਊਨ) ਤੋਂ ਲੋਕਾਂ ਦਾ ਪੈਸਾ ਵਾਪਸ ਕਰਵਾਇਆ ਜਾਵੇਗਾ।
ਭਗਵੰਤ ਮਾਨ ਨੇ ਸ਼ਨਿੱਚਰਵਾਰ ਨੂੰ ਚੋਣ ਪ੍ਰਚਾਰ ਦੌਰਾਨ ਵੱਖ-ਵੱਖ ਥਾਵਾਂ ’ਤੇ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਆਪਣੇ ਸਾਥੀ ਤੇ ਅਦਾਕਾਰ ਕਰਮਜੀਤ ਅਨਮੋਲ ਨਾਲ ਲੋਕ ਕਵੀ ਸੰਤ ਰਾਮ ਉਦਾਸੀ ਦਾ ਗੀਤ ‘ਚੜ੍ਹਦਾ ਰਹੀ ਵੇ ਸੂਰਜਾ ਕੰਮੀਆਂ ਦੇ ਵਿਹੜੇ’ ਗਾ ਕੇ ਲੋਕਾਂ ਨੂੰ ਪੰਜਾਬ ’ਚ ‘ਨਵਾਂ ਸੂਰਜ’ (ਆਮ ਆਦਮੀ ਪਾਰਟੀ ਦੀ ਸਰਕਾਰ) ਚੜ੍ਹਾਉਣ ਦੀ ਅਪੀਲ ਕੀਤੀ। ਮਾਨ ਨੇ ਸੰਬੋਧਨ ਕਰਦਿਆਂ ਕਿਹਾ, ‘10 ਮਾਰਚ ਨੂੰ ਪੰਜਾਬ ਵਿੱਚ ਅਹਿਜਾ ਸੂਰਜ ਚੜ੍ਹੇਗਾ, ਜਿਹੜਾ ਹਰ ਘਰ ਵਿੱਚ ਚਾਨਣ ਕਰੇੇਗਾ। ਭ੍ਰਿਸ਼ਟਾਚਾਰ ਅਤੇ ਮਾਫੀਆ ਖ਼ਤਮ ਕਰੇਗਾ। ਹਰ ਨੌਜਵਾਨ ਨੂੰ ਰੁਜ਼ਗਾਰ ਦੇਵੇਗਾ। ਹਰ ਘਰ ਵਿੱਚ ਸੁੱਖਾਂ ਦਾ ਪਸਾਰਾ ਕਰੇਗਾ।’ ਭਗਵੰਤ ਮਾਨ ਨੇ ਧੂਰੀ ਦੇ ਲੋਕਾਂ ਨੂੰ ਕਿਹਾ ਕਿ ਇਸ ਇਲਾਕੇ ਨੇ ਪੰਜਾਬ ਸਰਕਾਰ ਦਾ ਧੁਰਾ ਬਣਨਾ ਹੈ। ਪੰਜਾਬ ਦੀ ਸਰਕਾਰ ਧੂਰੀ ਦੇ ਲੋਕਾਂ ਦੁਆਲੇ ਘੁੰਮੇਗੀ। ਇਸ ਲਈ 20 ਫਰਵਰੀ ਦੀ ਤਰੀਕ ਨਵੀਂ ਇਬਾਰਤ ਲਿਖਣ ਦਾ ਮੌਕਾ ਹੈ। ਮਾਨ ਨੇ ਲੋਕਾਂ ਨਾਲ ਵਾਅਦਾ ਕੀਤਾ ਕਿ ਲੋਕਾਂ ਦਾ ਪੈਸਾ ਲੁੱਟਣ ਵਾਲੀਆਂ ਚਿੱਟਫੰਡ ਕੰਪਨੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪਰਲ ਅਤੇ ਕਰਾਊਨ ਜਿਹੀਆਂ ਕੰਪਨੀਆਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣਗੀਆਂ ਅਤੇ ਆਮ ਲੋਕਾਂ ਦਾ ਇੱਕ- ਇੱਕ ਪੈਸਾ ਉਨ੍ਹਾਂ ਨੂੰ ਵਾਪਸ ਕੀਤਾ ਜਾਵੇਗਾ।
ਇਸ ਮੌਕੇ ਗਾਇਕ ਅਤੇ ਅਦਾਕਾਰ ਕਰਮਜੀਤ ਅਨਮੋਲ ਨੇ ਲੋਕਾਂ ਨੂੰ ਆਪਣੀ ਇੱਕ-ਇੱਕ ਵੋਟ ਭਗਵੰਤ ਮਾਨ ਨੂੰ ਪਾਉਣ ਦੀ ਅਪੀਲ ਕੀਤੀ। ਅਨਮੋਲ ਨੇ ਕਿਹਾ ਕਿ ਕਾਲਜਾਂ ਦੇ ਮੁਕਾਬਲਿਆਂ ਵਿੱਚ ਮਾਨ ਅਤੇ ਕਰਮਜੀਤ ਨੇ ਬਹੁਤ ਸਾਰੀਆਂ ਟਰਾਫੀਆਂ ਜਿੱਤੀਆਂ ਹਨ, ਪਰ ਧੂਰੀ ਦੇ ਲੋਕ ਜਿੱਤ ਦੀ ਟਰਾਫੀ ਭਗਵੰਤ ਮਾਨ ਨੂੰ ਹੀ ਦੇਣਗੇ।