ਗੁਰਦੀਪ ਸਿੰਘ ਲਾਲੀ
ਸੰਗਰੂਰ, 11 ਸਤੰਬਰ
ਭਾਦੋਂ ਮਹੀਨੇ ਦੀ ਬਾਰਸ਼ ਨੇ ਸ਼ਹਿਰ ਜਲਥਲ ਕਰ ਦਿੱਤਾ ਹੈ। ਸ਼ਹਿਰ ਦੀਆਂ ਜਨਤਕ ਥਾਵਾਂ ਅਤੇ ਕਲੋਨੀਆਂ ’ਚ ਪਾਣੀ ਭਰ ਗਿਆ ਹੈ, ਜਿਸ ਨਾਲ ਜਨਜੀਵਨ ਪ੍ਰਭਾਵਿਤ ਹੋਇਆ ਹੈ ਪਰੰਤੂ ਬਾਰਸ਼ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਵੀ ਮਿਲੀ ਹੈ।
ਅੱਜ ਸਵੇਰ ਤੋਂ ਰੁਕ-ਰੁਕ ਕੇ ਹੋ ਰਹੀ ਤੇਜ਼ ਬਾਰਸ਼ ਨੇ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ, ਉਥੇ ਸ਼ਹਿਰ ਦੀਆਂ ਵੱਖ-ਵੱਖ ਕਲੋਨੀਆਂ ਅਤੇ ਜਨਤਕ ਥਾਵਾਂ ’ਤੇ ਭਰੇ ਪਾਣੀ ਨਾਲ ਆਮ ਜਨਜੀਵਨ ਵੀ ਪ੍ਰਭਾਵਿਤ ਹੋਇਆ ਹੈ। ਸ਼ਹਿਰ ਦੇ ਮੁੱਖ ਧੂਰੀ ਗੇਟ ਬਾਜ਼ਾਰ ਨੂੰ ਜਾਂਦੀ ਸੜਕ ਜਲਥਲ ਹੋ ਗਈ ਹੈ ਅਤੇ ਗੋਡੇ-ਗੋਡੇ ਪਾਣੀ ਭਰ ਗਿਆ ਹੈ। ਰਣਬੀਰ ਕਲੱਬ ਰੋਡ, ਸਿਵਲ ਹਸਪਤਾਲ ਕੰਪਲੈਕਸ, ਸਬਜ਼ੀ ਮੰਡੀ, ਸੁਨਾਮੀ ਗੇਟ ਬਾਜ਼ਾਰ, ਕਮਲ ਪੈਲੇਸ ਨੇੜਲੀ ਥਾਂ ਤੋਂ ਇਲਾਵਾ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ’ਤੇ ਪਾਣੀ-ਪਾਣੀ ਨਜ਼ਰ ਆ ਰਿਹਾ ਹੈ। ਸਰਕਾਰੀ ਅਧਿਕਾਰੀਆਂ ਅਤੇ ਕੈਂਸਰ ਹਸਪਤਾਲ ਦੇ ਡਾਕਟਰਾਂ ਦੀ ਰਿਹਾਇਸ਼ ਨੂੰ ਜਾਂਦੀ ਪ੍ਰਮੁੱਖ ਸੜਕ ਜਿਸ ਨੂੰ ਇੰਟਰਲੌਕ ਟਾਈਲਾਂ ਲਗਾ ਕੇ ਨਵੇਂ ਸਿਰੇ ਤੋਂ ਉੱਚਾ ਚੁੱਕ ਕੇ ਬਣਾਇਆ ਗਿਆ ਸੀ ਦੇ ਬਾਵਜੂਦ ਰਣਬੀਰ ਕਲੱਬ ਵੀ ਪਾਣੀ ’ਚ ਡੁੱਬਿਆ ਨਜ਼ਰ ਆ ਰਿਹਾ ਸੀ। ਦੋ ਪਹੀਆ ਵਾਹਨ ਚਾਲਕਾਂ ਅਤੇ ਪੈਦਲ ਜਾਣ ਵਾਲਿਆਂ ਨੂੰ ਗੋਡੇ-ਗੋਡੇ ਪਾਣੀ ’ਚੋ ਗੁਜ਼ਰਨਾ ਪੈ ਰਿਹਾ ਸੀ। ਐਸਡੀਐਮ ਕੰਪਲੈਕਸ ਦੇ ਅੱਗੇ ਵਾਲੀ ਅੰਦਰੂਨੀ ਸੜਕ ਉਪਰ ਵੀ ਪਾਣੀ ਭਰ ਗਿਆ ਹੈ। ਸ਼ਹਿਰ ਦੀਆਂ ਕਈ ਕਲੋਨੀਆਂ ਦੀਆਂ ਗਲੀਆਂ ਵਿਚ ਪਾਣੀ ਭਰ ਗਿਆ ਹੈ। ਪਿੰਡ ਬਡਰੁੱਖਾਂ ਦੇ ਕਿਸਾਨ ਇੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਤੇਜ਼ ਬਾਰਸ਼ ਹੁਣ ਝੋਨੇ ਦੀ ਫਸਲ ਲਈ ਬਹੁਤੀ ਲਾਹੇਵੰਦ ਨਹੀਂ ਹੈ, ਕਿਉਂਕਿ ਝੋਨੇ ਦੀ ਫਸਲ ਨੂੰ ਬੂਰ ਪੈਣ ਲੱਗਿਆ ਹੈ ਅਤੇ ਤੇਜ਼ ਬਾਰਸ਼ ਨਾਲ ਫਸਲ ਦਾ ਦਾਣਾ ਝੜ ਜਾਂਦਾ ਹੈ।
ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਇਹ ਬਾਰਸ਼ ਝੋਨੇ ਲਈ ਲਾਹੇਵੰਦ ਸਾਬਤ ਹੋਵੇਗੀ ਅਤੇ ਸਾਉਣੀ ਦੀਆਂ ਸਾਰੀਆਂ ਫਸਲਾਂ ਲਈ ਵੀ ਲਾਭਦਾਇਕ ਹੈ।