ਪਵਨ ਕੁਮਾਰ ਵਰਮਾ
ਧੂਰੀ, 19 ਜੂਨ
ਵਿਧਾਨ ਸਭਾ ਹਲਕਾ ਧੂਰੀ ਵਿੱਚ ਪੈਂਦੇ ਪਿੰਡ ਭੱਦਲਵੱਡ ਦੀ ਪੰਚਾਇਤ ਨੂੰ ਪਿੰਡ ਦੇ ਵਿਕਾਸ ਲਈ ਕੀਤੇ ਸ਼ਾਨਦਾਰ ਉਪਰਾਲਿਆਂ ਬਦਲੇ ਕੇਂਦਰ ਸਰਕਾਰ ਵੱਲੋਂ ਗਰਾਮ ਪੰਚਾਇਤ ਡਿਵੈਲਪਮੈਂਟ ਪੁਰਸਕਾਰ ਸਕੀਮ ਤਹਿਤ ‘ਦੀਨਦਿਆਲ ਉਪਾਧਿਆਏ ਪੰਚਾਇਤ ਸਸ਼ਕਤੀਕਰਨ ਪੁਰਸਕਾਰ’ ਲਈ ਚੁਣਿਆ ਗਿਆ ਹੈ। ਮਾਰਕੀਟ ਕਮੇਟੀ ਧੂਰੀ ਦੀ ਸਾਬਕਾ ਚੇਅਰਮੈਨ ਅਤੇ ਅਕਾਲੀ ਆਗੂ ਸੁਖਪਾਲ ਸ਼ਰਮਾ ਦੀ ਪਤਨੀ ਗਰਾਮ ਪੰਚਾਇਤ ਪਿੰਡ ਭੱਦਲਵੱਡ ਦੀ ਸਰਪੰਚ ਨੀਤੂ ਸ਼ਰਮਾ ਨੇ ਦੱਸਿਆ ਕਿ ਸਮੁੱਚੇ ਪਿੰਡ ਵਿੱਚ ਵਾਇਰਲੈਸ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ, ਪਿੰਡ ਵਿੱਚ ਮਹਿਲਾਵਾਂ ਅਤੇ ਪੁਰਸ਼ਾਂ ਲਈ ਵੱਖੋ-ਵੱਖਰੇ ਜਿੰਮ ਅਤੇ ਪਾਰਕ ਬਣਾਏ ਹੋਏ ਹਨ, ਸਾਰੇ ਧਰਮਾਂ ਦੇ ਸ਼ਮਸ਼ਾਨਘਾਟ ਬਣਾਏ ਹੋਏ ਹਨ, ਸਮੁੱਚੇ ਪਿੰਡ ਵਿੱਚ ਵਾਟਰ ਸਪਲਾਈ ਤੇ ਸੀਵਰੇਜ ਦਾ ਕੰਮ ਲੱਗਪੱਗ ਮੁਕੰਮਲ ਹੈ ਅਤੇ ਇਸ ਪਿੰਡ ਵਿੱਚ ਕਿਸਾਨਾਂ ਵੱਲੋਂ ਨਾੜ ਸਾੜਿਆ ਨਹੀਂ ਜਾਂਦਾ। ਪਿੰਡ ਵਾਸੀਆਂ ਮੁਤਾਬਿਕ ਪਾਰਕਾਂ ਵਿੱਚ ਲੱਗੇ ਖੂਬਸੂਰਤ ਬੂਟੇ ਅਤੇ ਲਾਈਟਾਂ ਦਾ ਖੂਬਸੂਰਤ ਸੁਮੇਲ ਰਾਤ ਨੂੰ ਪਿੰਡ ਭੱਦਲਵੱਡ ਦਾ ਰੂਪ ਹੋਰ ਵੀ ਨਿਖਾਰ ਦਿੰਦਾ ਹੈ ਅਤੇ ਇਹ ਪਿੰਡ ਆਪਣੀ ਸੁੰਦਰਤਾ ਦੀ ਇੱਕ ਵੱਖਰੀ ਮਿਸਾਲ ਪੇਸ਼ ਕਰਦਾ ਹੈ। ਇਸ ਮੌਕੇ ਸਾਬਕਾ ਚੇਅਰਮੈਨ ਸੁਖਪਾਲ ਸ਼ਰਮਾ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਹਰ ਸਾਲ ਦੇਸ਼ ਭਰ ਵਿੱਚ ਵਧੀਆ ਕਾਰਗੁਜ਼ਾਰੀ ਵਾਲੀਆਂ ਪੰਚਾਇਤਾਂ ਤੋਂ ਮੁਕਾਬਲੇ ਲਈ ਬੇਨਤੀ ਪੱਤਰ ਮੰਗੇ ਜਾਂਦੇ ਹਨ ਜੋ ਕਿ ਬਲਾਕ ਪੱਧਰ, ਜ਼ਿਲ੍ਹਾ ਪੱਧਰ, ਸਟੇਟ ਪੱਧਰ ’ਤੇ ਪਾਸ ਹੋਣ ਉਪਰੰਤ ਕੇਂਦਰ ਸਰਕਾਰ ਨੂੰ ਭੇਜੇ ਜਾਂਦੇ ਹਨ ਅਤੇ ਕੇਂਦਰ ਸਰਕਾਰ ਦੀ ਟੀਮ ਕੀਤੇ ਕੰਮਾਂ ਦਾ ਮੁਲਾਂਕਣ ਕਰਨ ਉਪਰੰਤ ਅਜਿਹੇ ਸਰਵਉੱਤਮ ਪਿੰਡਾਂ ਦੀ ਚੋਣ ਨੈਸ਼ਨਲ ਐਵਾਰਡ ਲਈ ਕਰਦੀ ਹੈ ਅਤੇ 5 ਤੋਂ 10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਇਨਾਮ ਵਜੋਂ ਦਿੰਦੀ ਹੈ ਅਤੇ ਪਿੰਡ ਭੱਦਲਵੱਡ ਨੂੰ 10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਇਨਾਮ ਵਜੋਂ ਮਿਲੀ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਭੱਦਲਵੱਡ ਨੂੰ ਸਿਆਸੀ ਰੰਗਤ ਨਹੀਂ ਦਿੱਤੀ ਹੋਈ ਜਿਸ ਕਾਰਨ ਕਾਂਗਰਸ, ਅਕਾਲੀ ਦਲ ਅਤੇ ਆਪ ਪਾਰਟੀ ਵੱਲੋਂ ਪਿੰਡ ਦੇ ਵਿਕਾਸ ਕਾਰਜਾਂ ਲਈ ਗਰਾਂਟਾਂ ਦਿੱਤੀਆਂ ਗਈਆਂ ਹਨ। ਇਸੇ ਕਾਰਨ ਪਿੰਡ ਭੱਦਲਵੱਡ ਨੂੰ ਅੱਜ ਇਹ ਪੁਰਸਕਾਰ ਹਾਸਲ ਹੋਇਆ ਹੈ। ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਲੋਕ ਸਭਾ ਮੈਂਬਰ ਭਗਵੰਤ ਮਾਨ, ਹਲਕਾ ਵਿਧਾਇਕ ਧੂਰੀ ਦਲਵੀਰ ਸਿੰਘ ਗੋਲਡੀ ਅਤੇ ਅਕਾਲੀ ਆਗੂ ਹਰੀ ਸਿੰਘ ਨੇ ਇਸ ਅਣਥੱਕ ਜੋੜੀ ਅਤੇ ਸਮੂਹ ਪਿੰਡ ਵਾਸੀਆਂ ਨੂੰ ਇਹ ਪੁਰਸਕਾਰ ਜਿੱਤਣ ਦੀ ਖੁਸ਼ੀ ਵਿੱਚ ਮੁਬਾਰਕਵਾਦ ਭੇਜੀ ਹੈ ਅਤੇ ਇਸ ਜੋੜੀ ਨੇ ਇਸ ਸਫਲਤਾ ਦਾ ਸਿਹਰਾ ਸਮੂਹ ਪਿੰਡ ਵਾਸੀਆਂ ਨੂੰ ਦਿੱਤਾ ਹੈ।