ਪੱਤਰ ਪ੍ਰੇਰਕ
ਸ਼ੇਰਪੁਰ, 9 ਅਪਰੈਲ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਾਈਵੇਟ ਸਕੂਲਾਂ ਨੂੰ ਵਿਦਿਆਰਥੀਆਂ ਦੀਆਂ ਫੀਸਾਂ ਵਿੱਚ ਵਾਧਾ ਨਾ ਕਰਨ ਦੇ ਨਿਰਦੇਸ਼ ਦਿੱਤੇ ਸਨ ਪਰ ਮੰਨਿਆ ਜਾ ਰਿਹਾ ਹੈ ਕਿ ਕਈ ਪ੍ਰਾਈਵੇਟ ਸਕੂਲਾਂ ਨੇ ਫੀਸਾਂ, ਕਿਤਾਬਾਂ, ਸਟੇਸ਼ਨਰੀ ਅਤੇ ਵਰਦੀਆਂ ਸਬੰਧੀ ਹੁਕਮਾਂ ਨੂੰ ਟਿੱਚ ਹੀ ਸਮਝਦਿਆਂ ਕਥਿਤ ਮਨਮਰਜ਼ੀਆਂ ਕੀਤੀਆਂ ਹਨ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਇਲਾਕੇ ਵਿੱਚ ਕਈ ਪ੍ਰਾਈਵੇਟ ਸਕੂਲਾਂ ਦੀਆਂ ਬਰੂਹਾਂ ’ਤੇ ਪੰਜਾਬ ਸਰਕਾਰ ਦੀਆਂ ਟੀਮਾਂ ਨੇ ਦਸਤਕ ਦੇ ਕੇ ਉਨ੍ਹਾਂ ਵੱਲੋਂ ਲਈਆਂ ਗਈਆਂ ਫੀਸਾਂ ਦੇ ਵੇਰਵੇ ਮੰਗੇ ਹਨ।
ਉਧਰ ਸ਼ੇਰਪੁਰ ਦੇ ਇੱਕ ਕਿਤਾਬਾਂ ਦੇ ਦੁਕਾਨਦਾਰ ਵੱਲੋਂ ਕਈ ਪ੍ਰਾਈਵੇਟ ਸਕੂਲਾਂ ਵੱਲੋਂ ਬੱਚਿਆਂ ਨੂੰ ਲਗਾਈਆਂ ਕਿਤਾਬਾਂ ਦੀਆਂ ਲਿਸਟਾਂ ਨਾ ਦੇਣ ਦੇ ਉਠਾਏ ਮਾਮਲੇ ਦੀ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਜਾਂਚ ਦੇ ਆਦੇਸ਼ ਹੋਏ ਹਨ। ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ਼ੇਰਪੁਰ ਗੁਰਮੀਤ ਸਿੰਘ ਈਸਾਪੁਰ ਨੇ ਵਿਸਥਾਰਤ ਵੇਰਵੇ ਦੇਣ ਤੋਂ ਇਨਕਾਰ ਕਰਦਿਆਂ ਕਿਤਾਬਾਂ ਦੇ ਮਾਮਲੇ ਦੀ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਪੜਤਾਲ ਦੀ ਪੁਸ਼ਟੀ ਕੀਤੀ।