ਪੱਤਰ ਪ੍ਰੇਰਕ
ਸ਼ੇਰਪੁਰ, 22 ਅਗਸਤ
ਜ਼ਮੀਨ ਪ੍ਰਾਪਤੀ ਸੰਘਰਸ਼ 25 ਅਗਸਤ ਨੂੰ ਹੇੜੀਕੇ ਦੀ ਰਾਖਵੇਂ ਕੋਟੇ ਵਾਲੀ ਪੰਚਾਇਤੀ ਜ਼ਮੀਨ ’ਤੇ ਕਬਜ਼ਾ ਕਰ ਕੇ ਸੂਹਾ ਝੰਡਾ ਲਹਿਰਾਉਣ ਦੇ ਸੱਦੇ ਨੂੰ ਅਮਲੀ ਰੂਪ ਦੇਣ ਲਈ ਬਜ਼ਿੱਦ ਹੈ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਜਥੇਬੰਦੀ ਦੇ ਕਾਰਕੁਨਾਂ ਦੀ ਹੋਈ ਮੀਟਿੰਗ ਵਿੱਚ ਗੱਲਬਾਤ ਟੁੱਟਣ ਮਗਰੋਂ ਜ਼ੈੱਡਪੀਐੱਸਸੀ ਨੇ ਮਜ਼ਦੂਰਾਂ ਦੀ ਲਾਮਬੰਦੀ ਵਿੱਚ ਆਪਣਾ ਸਾਰਾ ਜ਼ੋਰ ਲਾ ਦਿੱਤਾ ਹੈ। ਯਾਦ ਰਹੇ ਕਿ ਪਿੰਡ ਹੇੜੀਕੇ ’ਚ ਪੰਚਾਇਤ ਦੇ ਰਾਖਵੇਂ ਕੋਟੇ ਦੀ ਜ਼ਮੀਨ ਦਾ ਪਿਛਲੇ ਡੇਢ ਸਾਲ ਤੋਂ ਰੇੜਕਾ ਚੱਲ ਰਿਹਾ ਹੈ ਜਿਸ ਤਹਿਤ ਪਿਛਲੇ ਵਰ੍ਹੇ ਇਹ ਬੋਲੀ ਸਾਂਝੀ ਖੇਤੀ ਲਈ ਮਜ਼ਦੂਰਾਂ ਨੂੰ ਨਹੀਂ ਦਿੱਤੀ ਗਈ ਸੀ ਅਤੇ ਜ਼ੈੱਡਪੀਐਸਸੀ ਨੇ ਇਸਨੂੰ ਡੰਮੀ ਬੋਲੀ ਕਰਾਰ ਦਿੰਦਿਆਂ ਇੱਕ ਸਾਲ ਤੱਕ ਕਬਜ਼ਾ ਕਰੀ ਰੱਖਿਆ। ਕਬਜ਼ਾ ਛੱਡੇ ਜਾਣ ਮਗਰੋਂ ਦੁਬਾਰਾ ਬੋਲੀ ਮੌਕੇ ਫਿਰ ਮਜ਼ਦੂਰਾਂ ਨੂੰ ਸਾਂਝੀ ਖੇਤੀ ਲਈ ਜ਼ਮੀਨ ਨਹੀਂ ਮਿਲੀ ਜਿਸ ਕਰਕੇ 25 ਨੂੰ ਪੰਚਾਇਤੀ ਜ਼ਮੀਨ ’ਚ ਝੰਡਾ ਚਾੜ੍ਹੇ ਜਾਣ ਦੇ ਮਾਮਲੇ ’ਚ ਪੁਲੀਸ ਨਾਲ ਟਕਰਾਅ ਵਾਲੀ ਸਥਿਤੀ ਬਣਦੀ ਜਾਪ ਰਹੀ ਹੈ। ਜਾਣਕਾਰੀ ਅਨੁਸਾਰ 25 ਅਗਸਤ ਦੀ ਤਿਆਰੀ ਲਈ ਜ਼ੈੱਡਪੀਐੱਸਸੀ ਦੇ ਕਾਰਕੁਨਾਂ ਨੇ ਹਰ ਹਾਲਤ ਜ਼ਮੀਨ ’ਤੇ ਪੁੱਜਣ ਲਈ ਵਿਵਾਦਤ ਜਗ੍ਹਾ ’ਤੇ ਪਹੁੰਚ ਕੇ ਜ਼ਮੀਨ ਦੇ ਆਲੇ-ਦੁਆਲੇ ਦੇ ਸਾਰੇ ਰਸਤਿਆਂ ਦੀ ਸ਼ਨਾਖ਼ਤ ਕੀਤੀ। ਪਿੰਡ ਹੇੜੀਕੇ ਦੀ ਸਰਪੰਚ ਨੇ ਕਿਹਾ ਕਿ ਪ੍ਰਸ਼ਾਸਨ ਨੇ ਜਿਹਦੇ ਨਾਮ ਬੋਲੀ ਕਰਵਾਈ ਹੈ, ਉਸਨੂੰ ਹੀ ਜਗ੍ਹਾ ਮਿਲਣੀ ਚਾਹੀਦੀ ਹੈ।
ਐੱਸਡੀਐੱਮ ਅਮਿਤ ਗੁਪਤਾ ਨੇ ਕਿਹਾ ਕਿ ਇਸ ਮਾਮਲੇ ’ਚ ਉੱਚ ਅਦਾਲਤ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਵੇਗੀ।