ਬੀਰਬਲ ਰਿਸ਼ੀ
ਸ਼ੇਰਪੁਰ, 25 ਮਈ
ਸਹਿਕਾਰੀ ਬੈਂਕ ਕਾਤਰੋਂ ਤੋਂ ਵਹੀਕਲ ਲੋਨ ਲੈਣ ਵਾਲੇ ਕਿਸਾਨ ਦੇ ਬੈਂਕ ਗਰੰਟਰ ਬਣੇ ਕਿਸਾਨ ਦੀ ਅੱਜ ਆਪਣੀ ਅਦਾਇਗੀ ਤਕਰੀਬਨ 40 ਹਜ਼ਾਰ ਰੁਪਏ ਦੀ ਰਕਮ ਬੈਂਕ ਵੱਲੋਂ ਰੋਕੇ ਜਾਣ ਮਗਰੋਂ ਬੀਕੇਯੂ ਡਕੌਂਦਾ ਨੇ ਦੁਪਹਿਰ ਸਮੇਂ ਬੈਂਕ ਦਾ ਘਿਰਾਓ ਕਰ ਲਿਆ ਤੇ ਨਾਅਰੇਬਾਜ਼ੀ ਕੀਤੀ।
ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਆਗੂ ਸਮਸ਼ੇਰ ਸਿੰਘ ਈਸਾਪੁਰ, ਬਲਾਕ ਪ੍ਰਧਾਨ ਕਰਮਜੀਤ ਸਿੰਘ ਛੰਨਾ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸਹਿਕਾਰੀ ਬੈਂਕ ਵਿੱਚੋਂ ਪਿੰਡ ਈਸਾਪੁਰ ਦੇ ਇੱਕ ਕਿਸਾਨ ਨੇ ਦੋਪਹੀਆ ਵਾਹਨ ਦੇ ਲਈ ਲੋਨ ਲਿਆ ਜਿਸ ਵਿੱਚ ਪਿੰਡ ਈਸਾਪੁਰ ਦੇ ਹੀ ਦੂਜੇ ਕਿਸਾਨ ਬਲਦੇਵ ਸਿੰਘ ਨੇ ਗਰੰਟੀ ਪਾ ਦਿੱਤੀ ਪਰ ਹੁਣ ਬਲਦੇਵ ਸਿੰਘ ਨੂੰ ਮਿਲਣ ਵਾਲੀ ਨਗਦ ਰਕਮ ਨੂੰ ਬੈਂਕ ਮੈਨੇਜਰ ਨੇ ਰੋਕ ਲਿਆ। ਕਿਸਾਨ ਬਲਦੇਵ ਸਿੰਘ ਦਾ ਤਰਕ ਹੈ ਕਿ ਉਸ ਨੇ ਗਾਰੰਟੀ ਪਾਈ ਹੈ ਤੇ ਉਹ ਲੋਨ ਲੈਣ ਵਾਲੇ ਕਿਸਾਨ ਵਿਰੁੱਧ ਬੈਂਕ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਦਾ ਗਵਾਹ ਵਜੋਂ ਵਿਚਰਨ ਲਈ ਤਿਆਰ ਹੈ ਪਰ ਉਸ ਦੀ ਰਕਮ ਰੋਕਣਾ ਗ਼ਲਤ ਹੈ।
ਬੈਂਕ ਦੇ ਮੈਨੇਜਰ ਗੌਰਵ ਕੁਮਾਰ ਨੇ ਦੱਸਿਆ ਕਿ ਉਹ ਪਹਿਲੇ ਬੈਂਕ ਮੈਨੇਜਰ ਬਿਮਾਰ ਹੋਣ ਕਾਰਨ ਛੁੱਟੀ ’ਤੇ ਹਨ। ਉਹ ਕੁੱਝ ਦਿਨਾਂ ਲਈ ਇੱਥੇ ਆਏ ਹਨ, ਪਹਿਲੇ ਮੈਨੇਜਰ ਦੇ ਆਉਣ ਮਸਲਾ ਹੱਲ ਹੋ ਜਾਵੇਗਾ। ਪਰ ਕਿਸਾਨ ਜਥੇਬੰਦੀ ਦੇ ਘਿਰਾਓ ਕਾਰਨ ਉਨ੍ਹਾਂ ਕਿਸਾਨ ਬਲਦੇਵ ਸਿੰਘ ਨੂੰ ਉਸ ਦੀ ਰਕਮ ਜਾਰੀ ਕਰ ਦਿੱਤੀ।
ਕੇਂਦਰ ਵੱਲੋਂ ਭੇਜੇ ਪੈਸੇ ਰੋਕੇ
ਇਸੇ ਬੈਂਕ ਨੇ ਕਿਸਾਨ ਹਰਨੇਕ ਸਿੰਘ ਵਾਸੀ ਰਾਮਨਗਰ ਛੰਨਾ ਦੇ ਕੇਂਦਰ ਵੱਲੋਂ ਭੇਜੇ ਜਾਣ ਵਾਲੇ ਦੋ ਹਜ਼ਾਰ ਦੀ ਰਕਮ ਦੇਣ ਤੋਂ ਨਾਂਹ ਕਰ ਦਿੱਤੀ ਪਰ ਯੂਨੀਅਨ ਆਗੂਆਂ ਸਦਕਾ ਬੈਂਕ ਵੱਲੋਂ ਇਹ ਰਕਮ ਜਾਰੀ ਕਰ ਦਿੱਤੀ ਗਈ। ਖ਼ਜ਼ਾਨਚੀ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਇਹ ਰਕਮ ਦੇਣ ਤੋਂ ਰੋਕਿਆ ਗਿਆ ਸੀ।