ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 18 ਅਪਰੈਲ
ਜ਼ਿਲ੍ਹੇ ਵਿਚ ਪਿੱਟ ਬੁੱਲ, ਅਮਰੀਕਨ ਪਿੱਟ ਬੁੱਲ, ਅਮਰੀਕਨ ਬੁਲੀ, ਪਾਕਿਸਤਾਨੀ ਬੁਲੀ ਕਿਸਮ ਦੇ ਕੁੱਤੇ ਵੇਚਣ, ਘਰ ਵਿੱਚ ਰੱਖਣ, ਕੁੱਤਿਆਂ ਦੇ ਮੁਕਾਬਲੇ ਕਰਾਉਣ ਅਤੇ ਸ਼ਰਤਾਂ ਲਾਉਣ ਉੱਪਰ ਪਾਬੰਦੀ ਲਾ ਦਿੱਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਅਨਮੋਲ ਸਿੰਘ ਧਾਲੀਵਾਲ ਵੱਲੋਂ ਫ਼ੌਜਦਾਰੀ ਜ਼ਾਬਤੇ ਸੰਘਤਾ 1973 (1974 ਦਾ ਐਕਟ ਨੰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਲੋਕ ਹਿੱਤ ਵਿੱਚ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸੰਗਰੂਰ ਦੀ ਹਦੂਦ ਅੰਦਰ ਕਿਸੇ ਵੀ ਤਰ੍ਹਾਂ ਦੇ ਪਿੱਟ ਬੁੱਲ ਕੁੱਤੇ, ਅਮਰੀਕਨ ਪਿੱਟ ਬੁੱਲ, ਅਮਰੀਕਨ ਬੁਲੀ ਜਾਂ ਬੁਲੀ ਕੁੱਤੇ ਜਾਂ ਪਾਕਿਸਤਾਨੀ ਬੁਲੀ ਦੀ ਬਰੀਡ ਦੇ ਕੁੱਤੇ ਵੇਚਣ, ਮੁਕਾਬਲੇ ਕਰਾਉਣ ਅਤੇ ਸ਼ਰਤਾ ਲਾਉਣ ’ਤੇ ਪੂਰੀ ਤਰ੍ਹਾਂ ਰੋਕ ਲਾਉਣ ਅਤੇ ਨਗਰ ਕੌਂਸਲ ਵੱਲੋਂ ਇਸ ਬਰੀਡ ਦੇ ਕੁੱਤੇ ਨਜ਼ਰ ਆਉਣ ’ਤੇ ਤੁਰੰਤ ਉਨ੍ਹਾਂ ਨੂੰ ਜ਼ਬਤ ਕਰਨ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਹੁਕਮਾਂ ਅਨੁਸਾਰ ਸਾਰੇ ਬਰੀਡਰਾਂ ਨੂੰ ਇਸ ਤਰ੍ਹਾਂ ਦੇ ਕੁੱਤੇ ਰੱਖਣ ਤੋਂ ਰੋਕਿਆ ਜਾਵੇ ਅਤੇ ਜੇਕਰ ਕੋਈ ਬਰੀਡਰ ਇਨ੍ਹਾਂ ਕੁੱਤਿਆਂ ਦੀ ਬਰੀਡਿੰਗ ਕਰਦਾ ਹੈ ਤਾਂ ਉਸ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਹ ਜਾਨਵਰ ਬਹੁਤ ਖ਼ਤਰਨਾਕ ਹੋਣ ਕਰਕੇ ਪਾਲਤੂ ਜਾਨਵਰ ਦੇ ਤੌਰ ‘ਤੇ ਘਰ ਵਿੱਚ ਨਹੀਂ ਰੱਖੇ ਜਾ ਸਕਦੇ।