ਰਾਜਿੰਦਰ ਜੈਦਕਾ
ਅਮਰਗੜ੍ਹ, 17 ਜੁਲਾਈ
ਭਾਰਤੀ ਕਿਸਾਨ ਯੂਨੀਅਨਾਂ ਅਤੇ ਪੰਚਾਇਤ ਮੈਂਬਰਾਂ ਨੇ ਗੁਰਦੁਆਰੇ ਵਿਖੇ ਇਕੱਠ ਕਰਕੇ ਮਤਾ ਪਾਸ ਕੀਤਾ ਗਿਆ ਕਿ ਜਿੰਨੀ ਦੇਰ ਦਿੱਲੀ ਵਿੱਚ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸੰਘਰਸ਼ ਚਲ ਰਿਹਾ ਹੈ ਉਨੀ ਦੇਰ ਕਿਸੇ ਵੀ ਸਿਆਸੀ ਪਾਰਟੀ ਨੂੰ ਪਿੰਡ ਵਿੱਚ ਪ੍ਰਚਾਰ ਨਹੀਂ ਕਰਨ ਦਿੱਤਾ ਜਾਵੇਗਾ। ਇਸ ਮੌਕੇ ਨੌਜਵਾਨ ਸਭਾ ਪੰਜਾਬ ਦੇ ਆਗੂ ਰਪਿੰਦਰ ਸਿੰਘ ਚੌਂਦਾ ਨੇ ਕਿਹਾ ਕਿ ਤਿੰਨੋਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਦਿੱਲੀ ਦੀਆਂ ਬਰੂਹਾਂ ’ਤੇ ਧਰਨਾ ਲਾਈ ਬੈਠੇ ਹਨ ਪਰ ਕੇਂਦਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ।
ਉਨ੍ਹਾਂ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਭੁਗਤ ਰਹੀਆਂ ਹਨ। ਕਾਂਗਰਸ ਨੇ ਘਰ ਘਰ ਨੌਕਰੀ ਤੇ ਹੋਰ ਵਾਅਦੇ ਕੀਤੇ ਸਨ ਜੋ ਕੋਈ ਵੀ ਵਫ਼ਾ ਨਾ ਹੋਇਆ। ਅਕਾਲੀਆਂ ਤੋਂ ਵੀ ਲੋਕ ਦੁਖੀ ਹਨ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ।
ਇਸ ਮੌਕੇ ਸਰਪੰਚ ਮਨੋਹਰ ਲਾਲ, ਪੰਚ ਹਰਜਿੰਦਰ ਸਿੰਘ, ਬੂਟਾ ਸਿੰਘ, ਦੀਪੀ ਢੀਂਡਸਾ, ਜਗਦੀਸ ਸਿੰਘ ਕਾਲਾ, ਗੁਰੀ ਚੌਂਦਾ ਅਤੇ ਅੰਮ੍ਰਿਤ ਸਿੰਘ ਕਾਲਾ ਆਦਿ ਹਾਜ਼ਰ ਸਨ।