ਰਾਜਿੰਦਰ ਜੈਦਕਾ
ਅਮਰਗੜ੍ਹ, 17 ਮਾਰਚ
ਪਿੰਡ ਬਾਗੜੀਆਂ ਵਿੱਚ ਲੋਕਾਂ ਨੇ ਇੱਕ ਮੀਟਿੰਗ ਕਰਕੇ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਮੀਤ ਪ੍ਰਧਾਨ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਕੋਲ ਗੁਹਾਰ ਲਗਾਈ ਹੈ ਕਿ ਉਨ੍ਹਾਂ ਦਾ ਮਸਲਾ ਪ੍ਰਧਾਨ ਭਗਵੰਤ ਮਾਨ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਰਾਹੀਂ ਲੋਕ ਸਭਾ ਤੇ ਵਿਧਾਨ ਸਭਾ ’ਚ ਰੱਖਿਆ ਜਾਵੇ ਤਾਂ ਜੋ ਨਰਕ ਦੀ ਜ਼ਿੰਦਗੀ ਬਤੀਤ ਕਰ ਰਹੇ ਪਿੰਡ ਬਾਗੜੀਆਂ ਦੇ ਲੋਕ ਸੁਖੀ ਜੀਵਨ ਬਤੀਤ ਕਰ ਸਕਣ। ਸੁਸਾਇਟੀ ਪ੍ਰਧਾਨ ਹਰਧੀਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਇਥੇ ਚੱਲ ਰਹੇ ਨਸ਼ਿਆਂ ਦੇ ਕਾਰੋਬਾਰ ਨੂੰ ਠੱਲ੍ਹ ਪਾਉਣ ਲਈ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੀਆਂ ਸਰਕਾਰਾਂ ਦੇ ਆਗੂਆਂ, ਪ੍ਰਸ਼ਾਸਨਿਕ ਤੇ ਪੁਲੀਸ ਅਧਿਆਕਾਰੀਆਂ ਕੋਲ ਫਰਿਆਦਾਂ ਕਰਦੇ ਆ ਰਹੇ ਹਨ। ਵੱਖ ਵੱਖ ਅਧਿਅਕਾਰੀਆਂ ਨੂੰ ਮੰਗ ਪੱਤਰ ਵੀ ਦਿੱਤੇ ਗਏ ਪਰ ਮਸਲਾ ਹੱਲ ਨਹੀਂ ਹੋਇਆ। ਹੁਣ ਪਿੰਡ ਵਾਸੀਆਂ ਦੀ ਰਾਏ ਹੈ ਕਿ ਪ੍ਰਧਾਨ ਭਗਵੰਤ ਮਾਨ ਹੀ ਇਹ ਮਸਲਾ ਸਾਂਸਦ ਵਿੱਚ ਰੱਖ ਕੇ ਹੱਲ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਨਸ਼ੇ ਦਾ ਸ਼ਰ੍ਹੇਆਮ ਹੋ ਰਹੇ ਕਾਰੋਬਾਰ ਕਾਰਨ ਇਸ ਪਿੰਡ ਦੇ ਲੜਕੇ ਤੇ ਲੜਕੀਆਂ ਦੇ ਰਿਸਤੇ ਹੋਣੇ ਬੰਦ ਹੋ ਗਏ ਹਨ। ਪਿੰਡ ਬਾਗੜੀਆਂ ਨਸ਼ੇ ਦੀ ਹੱਬ ਵਜੋਂ ਮਸ਼ਹੂਰ ਹੋ ਚੁੱਕਾ ਹੈ। ਲੋਕ ਪੁਲੀਸ ਪ੍ਰਸ਼ਾਸਨ ਤੇ ਸਰਕਾਰਾਂ ਦੇ ਲਾਰਿਆਂ ਤੋਂ ਤੰਗ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੁਲੀਸ ਵੱਡੇ ਮਗਰਮੱਛਾਂ ਨੂੰ ਫੜਨ ਦੀ ਬਜਾਏ ਛੋਟੇ ਮੋਟੇ ਕੇਸ ਬਣਾ ਕੇ ਕੰਮ ਚਲਾ ਰਹੀ ਹੈ। ਦੂਰੋਂ ਮਹਿਗੀਆਂ ਗੱਡੀਆਂ ਵਿੱਚ ਲੜਕੇ ਤੇ ਲੜਕੀਆਂ ਆ ਕੇ ਇਥੋਂ ਨਸ਼ਾ ਪੂਰਤੀ ਕਰਦੇ ਹਨ। ਮੋਟਰਸਾਈਕਲ ’ਤੇ ਅਜਨਭੀ ਲੜਕੇ ਆਮ ਘੁੰਮਦੇ ਵਿਖਾਈ ਦਿੰਦੇ ਹਨ। ਨਸ਼ਿਆਂ ਦੀ ਪੂਰਤੀ ਲਈ ਨੌਜਵਾਨ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵੀ ਕਰ ਰਹੇ ਹਨ।
ਇਥੇ ਭੁੱਕੀ, ਅਫੀਮ, ਚਿੱਟਾ, ਸੁਲਫਾ ਤੇ ਹਰਿਆਣਾ ਮਾਰਕਾ ਸ਼ਰਾਬ ਆਮ ਵਿਕਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਥੇ ਇਹ ਧੰਦਾ ਪੁਲੀਸ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ। ਇਸ ਸਬੰਧੀ ਪਿੰਡ ਵਾਸੀਆਂ ਨੇ 29 ਮਾਰਚ ਨੂੰ ਇਕ ਮੀਟਿੰਗ ਵੀ ਬੁਲਾਈ ਹੈ ਜਿਸ ’ਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਵੀ ਸੱਦਾ ਪੱਤਰ ਭੇਜਿਆ ਜਾਵੇਗਾ।
ਇਸ ਸਬੰਧੀ ਸੀਨੀਅਰ ਆਗੂ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਕਿਹਾ ਕਿ ਉਹ ਇਹ ਮਸਲਾ ਪ੍ਰਧਾਨ ਭਗਵੰਤ ਮਾਨ ਤੇ ਹਰਪਾਲ ਚੀਮਾ ਕੋਲ ਪਹੁੰਚਾਉਣਗੇ। ਉਨ੍ਹਾਂ ਯਕੀਨ ਦਿਵਾਇਆ ਕਿ ਇਥੇ ਨਸ਼ੇ ਦਾ ਕਾਰੋਬਾਰ ਹਰ ਹੀਲੇ ਖਤਮ ਕਰਵਾਇਆ ਜਾਵੇਗਾ। ਭਾਵੇਂ ਉਨ੍ਹਾਂ ਨੂੰ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਵਿਧਾਨ ਸਭਾ ਅੱਗੇ ਧਰਨਾ ਕਿਉਂ ਨਾ ਲਗਾਉਣਾ ਪਵੇ। ਇਸ ਮੌਕੇ ਸਾਬਕਾ ਸਰਪੰਚ ਪਰਮਜੀਤ ਸਿੰਘ, ਕਾਮਰੇਡ ਹਰਮੀਤ ਸਿੰਘ, ਜਤਿੰਦਰ ਸਿੰਘ, ਰਾਜੀਵ ਤੋਗਾਹੇੜੀ, ਰਣਜੀਤ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਸਨ।