ਨਿਜੀ ਪੱਤਰ ਪ੍ਰੇਰਕ
ਸੰਗਰੂਰ, 20 ਜੁਲਾਈ
ਵਾਕੋ ਇੰਡੀਆ ਕਿੱਕ ਬਾਕਸਿੰਗ ਵਲੋਂ ਕਰਵਾਈ 19ਵੀਂ ਪੰਜਾਬ ਸਟੇਟ ਸੀਨੀਅਰ ਕਿੱਕ ਬਾਕਸਿੰਗ ਵਿਚ ਪਿੰਡ ਬਡਰੁੱਖਾਂ ਦੇ ਖ਼ਿਡਾਰੀ ਸੁਖਪ੍ਰੀਤ ਸਿੰਘ ਹੈਰੀ ਨੇ ਸੋਨੇ ਦਾ ਤਮਗਾ ਹਾਸਲ ਕਰਕੇ ਆਪਣੇ ਪਿੰਡ, ਜ਼ਿਲ੍ਹੇ ਅਤੇ ਅਕਾਲ ਕਾਲਜ ਆਫ਼ ਫ਼ਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਦਾ ਨਾਂ ਰੋਸ਼ਨ ਕੀਤਾ ਹੈ। ਸੁਖਪ੍ਰੀਤ ਸਿੰਘ ਹੈਰੀ ਪਹਿਲਾਂ ਵੀ ਪੰਜਾਬ ਪੱਧਰ ਦੇ ਮੁਕਾਬਲਿਆਂ ਵਿਚ ਅਨੇਕਾਂ ਤਮਗੇ ਹਾਸਲ ਕਰ ਚੁੱਕਿਆ ਹੈ। ਪਿੰਡ ਬਡਰੁੱਖਾਂ ਦੇ ਵਸਨੀਕ ਪਿਤਾ ਦਰਸ਼ਨ ਸਿੰਘ ਅਤੇ ਮਾਤਾ ਰੁਪਿੰਦਰ ਕੌਰ ਦੇ ਲਾਡਲੇ ਪੁੱਤਰ ਸੁਖਪ੍ਰੀਤ ਦੀਆਂ ਬੇਹਤਰ ਖੇਡ ਪ੍ਰਾਪਤੀਆਂ ਦੇ ਮੱਦੇਨਜ਼ਰ ਉਸਦੀ ਚੋਣ ਨੈਸ਼ਨਲ ਲਈ ਹੋਈ ਹੈ ਜੋ ਕਿ ਅਗਲੇ ਮਹੀਨੇ ਚੇਨਈ ਵਿਚ ਹੋਣ ਜਾ ਰਹੀ ਹੈ। ਸੁਖਪ੍ਰੀਤ ਨੇ ਦੱਸਿਆ ਕਿ ਉਹ ਨੈਸ਼ਨਲ ਮੁਕਾਬਲਿਆਂ ਵਿਚ ਪੰਜਾਬ ਲਈ ਖੇਡੇਗਾ। ਪਹਿਲਾਂ ਵੀ ਪੰਜਾਬ ਪੱਧਰ ’ਤੇ ਅਨੇਕਾਂ ਤਮਗੇ ਹਾਸਲ ਕਰ ਚੁੱਕੇ ਸੁਖਪ੍ਰੀਤ ਨੇ ਦੱਸਿਆ ਕਿ ਉਹ ਅਗਲੇ ਮਹੀਨੇ ਚੇਨਈ ਵਿਚ ਹੋਣ ਵਾਲੀ ਨੈਸ਼ਨਲ ਵਿਚ 79 ਕਿਲੋ ਵਰਗ ਵਿਚ ਇਕੱਲਾ ਖਿਡਾਰੀ ਹੈ ਜੋ ਪੰਜਾਬ ਲਈ ਖੇਡੇਗਾ। ਪਿੰਡ ਬਡਰੁੱਖਾਂ ਦੀ ਪੰਚਾਇਤ ਅਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਅਤੇ ਪਿਤਾ ਦਰਸ਼ਨ ਸਿੰਘ ਨੇ ਸੁਖਪ੍ਰੀਤ ’ਤੇ ਫ਼ਖਰ ਮਹਿਸੂਸ ਕਰਦਿਆਂ ਉਮੀਦ ਜਤਾਈ ਕਿ ਉਹ ਕੌਮੀ ਪੱਧਰ ’ਤੇ ਵੀ ਬੇਹਤਰ ਪ੍ਰਦਰਸ਼ਨ ਕਰਦਿਆਂ ਪਿੰਡ ਬਡਰੁੱਖਾਂ ਜ਼ਿਲ੍ਹਾ ਸੰਗਰੂਰ, ਪੰਜਾਬ ਅਤੇ ਮਸਤੂਆਣਾ ਕਾਲਜ ਦਾ ਨਾਂ ਰੋਸ਼ਨ ਕਰੇਗਾ।