ਰਮੇਸ਼ ਭਾਰਦਵਾਜ
ਲਹਿਰਾਗਾਗਾ, 26 ਜੂਨ
ਇੱਥੇ ‘ਸਵੱਛ ਭਾਰਤ’ ਮੁਹਿੰਮ ਨੂੰ ਸਥਾਨਕ ਪ੍ਰਸ਼ਾਸਨ ਅਤੇ ਆਮ ਲੋਕਾਂ ਵੱਲੋਂ ਬਿਲਕੁੱਲ ਵੀ ਗੰਭੀਰਤਾ ਨਾਲ ਨਹੀਂ ਲਿਆ ਜਿਸ ਕਰਕੇ ਕਈ ਇਲਾਕਿਆਂ ’ਚ ਸਫ਼ਾਈ ਦਾ ਮਾੜਾ ਹਾਲ ਹੈ। ਇੱਥੋਂ ਦੇ ਸਬ ਤਹਿਸੀਲ ਦਫਤਰ ਅੱਗੇ ਲੋਕਾਂ ਵੱਲੋਂ ਸੜਕ ਉੱਪਰ ਹੀ ਕੂੜਾ-ਕਰਕਟ ਸੁੱਟਣ ਲਈ ਬਣਾਏ ਡੰਪ ’ਤੇ ਜਾਨਵਰ ਮੂੰਹ ਮਾਰਦੇ ਰਹਿੰਦੇ ਹਨ ਕਿਉਂਕਿ ਨਗਰ ਕੌਸਲ ਵੱਲੋਂ ਕੂੜਾ ਕਰਕਟ ਸੰਭਾਲਣ ਲਈ ਕੋਈ ਲੋਹੇ/ਪਲਾਸਟਿਕ ਦੀ ਡੰਪਰ ਨਹੀਂ ਰੱਖਿਆ ਗਿਆ। ਇਸ ਕਰਕੇ ਇੱਥੋਂ ਲੰਘਣ ਵੇਲੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸੈਨੇਟਰੀ ਇੰਪੈਕਟਰ ਜੀਤਾ ਰਾਮ ਨੇ ਦੱਸਿਆ ਕਿ ਪਹਿਲਾਂ ਸਫਾਈ ਸੇਵਕਾਂ ਦੀ ਹੜਤਾਲ ਸਮੇਂ ਲੋਕਾਂ ਨੂੰ ਕੂੜਾ ਕਰਕਟ ਸੁੱਟਣ ਦੀ ਆਦਤ ਪੈ ਗਈ ਸੀ ਪਰ ਹੁਣ ਨਗਰ ਕੌਂਸਲ ਦੀ ਟਰਾਲੀ ਰਾਹੀਂ ਸੁੱਟਿਆਂ ਕੂੜਾ ਰੋਜ਼ ਚੁੱਕਿਆ ਜਾਂਦਾ ਹੈ ਪਰ ਛੁੱਟੀ ਕਰਕੇ ਨਹੀਂ ਚੁੱਕਿਆ ਜਾਂਦਾ ਪਰ ਲੋਕਾਂ ਨੂੰ ਕੂੜਾ ਕਰਕਟ ਨੂੰ ਆਪਣੇ ਘਰਾਂ ’ਚ ਡਸਟਬਿਨ ਰੱਖ ਕੇ ਗਿੱਲਾ ਤੇ ਸੁੱਕਾ ਕੂੜਾ ਸੁੱਟਣ ਦੀ ਅਪੀਲ ਹੈ।
ਉਧਰ ਨੇੜਲੇ ਰੇਲਵੇ ਪਲੇਟਫਾਰਮ ਦੇ ਪਿੱਛੇ ਘਰਾਂ ਵੱਲੋਂ ਆਪਣੇ ਘਰਾਂ ਦਾ ਕੂੜਾ ਕਰਕਟ ਅਤੇ ਕਬਾੜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਬਿਲਕੁੱਲ ਪਿੱਛਲੇ ਪਾਸੇ ਸੁੱਟਣ ਕਰਕੇ ਜਿਥੇ ਵਿਦਿਆਰਥਣਾਂ ਨੂੰ ਸਕੂਲ ਸਮੇਂ ਪ੍ਰੇਸ਼ਾਨੀ ਆਉਦੀ ਹੈ, ਉਥੇ ਇਸੇ ਥਾਂ ਤੋਂ ਲਾਈਨਾਂ ਉਪਰ ਬਣੇ ਪੈਦਲ ਪੁਲ ਅਤੇ ਸਟੇਸ਼ਨ ਜਾਣ ਵਾਲੇ ਮੁਸਾਫ਼ਰਾਂ ਨੂੰ ਗੰਦਗੀ ਵਿੱਚ ਦੀ ਲੰਘਣਾ ਪੈਂਦਾ ਹੈ। ਨਗਰ ਸੁਧਾਰ ਸਭਾ ਨੇ ਹਲਕਾ ਵਿਧਾਇਕ ਤੇ ਐੱਸ.ਡੀ.ਐੱਮ. ਤੋਂ ਮੰਗ ਕੀਤੀ ਕਿ ਸ਼ਹਿਰ ਦੀ ਆਬਾਦੀ ਦੇ ਸਫ਼ਾਈ ਲਈ ਠੋਸ ਕਦਮ ਚੁੱਕੇ ਜਾਣ।