ਜਗਤਾਰ ਸਿੰਘ ਨਹਿਲ
ਲੌਂਗੋਵਾਲ, 23 ਜੁਲਾਈ
ਨੇੜਲੇ ਪਿੰਡ ਰੱਤੋ ਕੇ ਵਿੱਚ ਖੇਤ ਮਜ਼ਦੂਰ ਪਰਿਵਾਰ ਨਾਲ ਸਬੰਧਤ 6 ਸਾਲਾਂ ਦੀ ਲੜਕੀ ਬੋਰ ਵਾਲੀ ਖੂਹੀ ਵਿੱਚ ਡਿੱਗ ਪਈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਰੱਤੋ ਕੇ ਦੇ ਕਿਸਾਨ ਕੁੱਕੂ ਸਿੰਘ ਦੇ ਖੇਤ ਵਿੱਚ ਮਜ਼ਦੂਰੀ ਕਰਨ ਵਾਲਾ ਜੋਗਿੰਦਰ ਸਿੰਘ ਆਪਣੇ ਪਰਿਵਾਰ ਸਮੇਤ ਝੋਨੇ ਦੀ ਪਨੀਰੀ ਪੁੱਟ ਰਿਹਾ ਸੀ। ਜੋਗਿੰਦਰ ਸਿੰਘ ਨੇ ਆਪਣੀ ਦੋਹਤੀ ਰਮਨਦੀਪ ਕੌਰ (6) ਆਪਣੇ ਕੋਲ ਰੱਖੀ ਹੋਈ ਸੀ ਜੋ ਕਿ ਉਸ ਦੇ ਕੋਲ ਹੀ ਖੇਡ ਰਹੀ ਸੀ। ਰਮਨਦੀਪ ਕੌਰ ਖੇਡਦੀ ਹੋਈ ਅਚਾਨਕ ਬੋਰ ਵਾਲੀ ਖੂਹੀ ’ਚ ਜਾ ਡਿੱਗੀ। ਬੱਚੀ ਨੂੰ ਡਾਕਟਰੀ ਸਹਾਇਤਾ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਲਿਜਾਇਆ ਗਿਆ ਜਿੱਥੇ ਕਿ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਲੌਂਗੋਵਾਲ ਪੁਲੀਸ ਨੇ ਇਸ ਘਟਨਾ ਦੇ ਸਬੰਧ ਵਿੱਚ ਮ੍ਰਿਤਕ ਬੱਚੀ ਰਮਨਦੀਪ ਕੌਰ ਦੇ ਨਾਨਾ ਜੋਗਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਹੈ। ਇਸ ਘਟਨਾ ਕਾਰਨ ਪਿੰਡ ਰੱਤੋ ਕੇ ਵਿੱਚ ਸੋਗ ਦਾ ਮਾਹੌਲ ਹੈ।
ਇਲਾਕੇ ਦੇ ਵਸਨੀਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬੋਰ ਵਾਲੀਆਂ ਖੂਹੀਆਂ ਨੂੰ ਮਿੱਟੀ ਨਾਲ ਭਰਿਆ ਜਾਵੇ ਤਾਂ ਕਿ ਬੱਚੇ ਉਨ੍ਹਾਂ ਵਿੱਚ ਡਿੱਗ ਕੇ ਆਪਣੀ ਜਾਨ ਨਾ ਗਵਾਉਣ। ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਪਹਿਲਾਂ ਵੀ ਬੋਰਵੈੱਲਾਂ ਵਿੱਚ ਡਿੱਗਣ ਕਾਰਨ ਕਈ ਬੱਚਿਆਂ ਦੀ ਜਾਨ ਜਾ ਚੁੱਕੀ ਹੈ ਤੇ ਪ੍ਰਸ਼ਾਸਨ ਨੂੰ ਇਸ ਵਰਤਾਰੇ ਨੂੰ ਰੋਕਣ ਬਾਰੇ ਗੰਭੀਰਤਾ ਨਾਲ ਕਦਮ ਚੁੱਕਣੇ ਚਾਹੀਦੇ ਹਨ।