ਪੱਤਰ ਪ੍ਰੇਰਕ
ਸੰਦੌੜ, 20 ਨਵੰਬਰ
ਅੱਜ ਸਵੇਰੇ ਬਠਿੰਡਾ-ਚੰਡੀਗੜ੍ਹ ਹਾਈਵੇਅ ਉੱਤੇ ਪਿੰਡ ਜੇਠੂਕੇ ਕੋਲ ਕਾਰ ਅਤੇ ਟਰਾਲੇ ਵਿੱਚ ਹੋਈ ਟੱਕਰ ਕਾਰਨ ਗੁਰਦੁਆਰਾ ਕਿਰਪਾਲਸਰ ਸਾਹਿਬ ਪਿੰਡ ਮਹੋਲੀ ਕਲਾਂ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਬਾਬਾ ਗੁਰਇਕਬਾਲ ਸਿੰਘ ਦੀ ਮੌਤ ਹੋ ਗਈ ਜਦੋਂਕਿ ਇਸ ਸੜਕ ਹਾਦਸੇ ਵਿੱਚ ਉਨ੍ਹਾਂ ਦੇ ਭਤੀਜੇ ਅਤੇ ਇਕ ਰਿਸਤੇਦਾਰ ਦੀ ਵੀ ਮੌਤ ਹੋ ਗਈ।
ਬਾਬਾ ਗੁਰਇਕਬਾਲ ਸਿੰਘ ਮਹਿਜ 30 ਵਰ੍ਹਿਆਂ ਦੇ ਸਨ ਅਤੇ ਉਨ੍ਹਾਂ ਦਾ ਹਾਲੇ ਇਸ ਸਾਲ 16 ਨਵੰਬਰ ਨੂੰ ਵਿਆਹ ਹੋਇਆ ਸੀ। ਮਿਲੀ ਜਾਣਕਾਰੀ ਅਨੁਸਾਰ ਬਾਬਾ ਗੁਰਇਕਬਾਲ ਸਿੰਘ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਤੋਂ ਵਾਪਸ ਆ ਰਹੇ ਸਨ ਤਾਂ ਰਸਤੇ ਵਿੱਚ ਉਨ੍ਹਾਂ ਦੀ ਕਾਰ ਇਕ ਟਰਾਲੇ ਨਾਲ ਜਾ ਟਕਰਾਈ। ਇਸ ਸੜਕ ਹਾਦਸੇ ਵਿੱਚ ਬਾਬਾ ਗੁਰਇਕਬਾਲ ਸਿੰਘ ਦੀ ਪਤਨੀ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਜ਼ਿਕਰਯੋਗ ਹੈ ਕਿ ਬਾਬਾ ਗੁਰਇਕਬਾਲ ਸਿੰਘ ਦਾ ਜੱਦੀ ਪਿੰਡ ਜੋਗਾ ਸੀ ਤੇ ਉਹ ਪਿਛਲੇ 18 ਸਾਲਾਂ ਤੋਂ ਗੁਰਦੁਆਰਾ ਕਿਰਪਾਲਸਾਰ ਸਾਹਿਬ ਮਹੋਲੀ ਕਲਾਂ ਵਿੱਚ ਹੀ ਰਹਿ ਰਹੇ ਸਨ। ਉਹ ਇਥੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਦੀ ਦੇਖ ਰੇਖ ਕਰਦੇ ਸਨ।