ਜਗਤਾਰ ਸਿੰਘ
ਲੌਂਗੋਵਾਲ, 6 ਜੁਲਾਈ
ਇਲਾਕੇ ਦੀ ਸਮਾਜ ਸੇਵੀ ਸੰਸਥਾ ਬਾਬਾ ਫ਼ਰੀਦ ਮੈਮੋਰੀਅਲ ਐਜੂਕੇਸ਼ਨ ਐਂਡ ਵੈੱਲਫੇਅਰ ਸੁਸਾਇਟੀ ਲੌਂਗੋਵਾਲ ਵੱਲੋਂ ਆਜ਼ਾਦ ਹੈਂਡੀਕੈਪਡ ਐਸੋਸੀਏਸ਼ਨ ਪੰਜਾਬ ਦੇ ਸਹਿਯੋਗ ਨਾਲ ਅੰਗਹੀਣ ਵਿਅਕਤੀਆਂ ਨੂੰ ਸਾਮਾਨ ਦਿੱਤਾ ਗਿਆ। ਆਜ਼ਾਦ ਹੈਂਡੀਕੈਪਡ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਚਮਕੌਰ ਸਿੰਘ ਸ਼ਾਹਪੁਰ ਅਤੇ ਸੰਸਥਾ ਦੇ ਆਗੂ ਕਮਲਜੀਤ ਸਿੰਘ ਵਿੱਕੀ ਨੇ ਦੱਸਿਆ ਕਿ ਸੰਸਥਾ ਵੱਲੋਂ ਅੱਜ 15 ਅੰਗਹੀਣ ਵਿਅਕਤੀਆਂ ਨੂੰ ਟ੍ਰਾਈਸਾਈਕਲ, ਵੀਲ੍ਹਚੇਅਰ, ਕੈਲੀਪਰ ਅਤੇ ਸੁਣਨ ਵਾਲੀਆਂ ਮਸ਼ੀਨਾਂ ਵੰਡੀਆਂ ਗਈਆਂ। ਇਸ ਮਹਾਮਾਰੀ ਦੌਰਾਨ ਰਾਸ਼ਨ, ਬੱਚਿਆਂ ਲਈ ਬੈਗ, ਕਾਪੀਆਂ ਤੇ ਮਾਸਕ ਆਦਿ ਸਾਮਾਨ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਸੰਸਥਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੁਢਾਪਾ, ਵਿਧਵਾ ਤੇ ਅੰਗਹੀਣ ਆਦਿ ਨੂੰ ਮਿਲਦੀ 750 ਰੁਪਏ ਮਹੀਨਾਵਾਰ ਪੈਨਸ਼ਨ ਵਧਾ ਕੇ 5 ਹਜ਼ਾਰ ਰੁਪਏ ਕੀਤੀ ਜਾਵੇ ਜਾਵੇ। ਇਸ ਮੌਕੇ ਸੰਸਥਾ ਦੇ ਮੈਂਬਰ ਮਨੋਜ ਗੋਇਲ, ਕੁਲਦੀਪ ਸਿੰਘ, ਹਰਪ੍ਰੀਤ ਕੌਰ, ਜਗਦੇਵ ਸਿੰਘ ਤੇ ਅਰਮਾਨ ਗਨੀ ਆਦਿ ਹਾਜ਼ਰ ਸਨ।